ਛੇ ਘੰਟੇ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਬੇਮਿਸਾਲ ਹੁੰਗਾਰਾ; ਕੜਕਦੀ ਧੁੱਪ ਤੇ ਤਿੱਖੇ ਰੋੜ੍ਹਿਆਂ ਨੇ ਪਰਖਿਆ ਧਰਨਾਕਾਰੀਆਂ ਦਾ ਸਿਦਕ
ਪਿੰਡ ਪੱਖੋਕੇ ਦੇ ਖੁਦਕੁਸ਼ੀ ਕਰ ਗਏ ਕਿਸਾਨ ਬਲਦੇਵ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ; ਖੁਦਕੁਸ਼ੀ ਨਹੀਂ- ਸੰਘਰਸ਼ ਕਰੋ -ਦਾ ਹੋਕਾ ਦਿੱਤਾ
ਕਮਲਜੀਤ ਸਿੰਘ ਸੰਧੂ,ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 18 ਅਕਤੂਬਰ 2021- ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 383 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਦਾ ਧਰਨਾ ਰੇਲਵੇ ਲਾਈਨ 'ਤੇ ਲਾਇਆ ਗਿਆ। ਸਵੇਰੇ ਠੀਕ ਦਸ ਵਜੇ ਬਰਨਾਲਾ ਰੇਲਵੇ ਲਾਈਨ 'ਤੇ ਹਜਾਰਾਂ ਕਿਸਾਨਾਂ ਨੇ ਰੇਲਵੇ ਲਾਈਨ ਤੇ ਧਰਨਾ ਲਾ ਕੇ ਲਿਆ ਜੈ ਸ਼ਾਮ ਚਾਰ ਵਜੇ ਤੱਕ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਲਖੀਮਪੁਰ-ਖੀਰੀ ਕਾਂਡ ਵਿੱਚ ਸਿੱਧੀ ਸ਼ਮੂਲੀਅਤ ਹੈ। ਖੂਨੀ ਕਾਂਡ ਤੋਂ ਕੁੱਝ ਦਿਨ ਪਹਿਲਾਂ ਉਸ ਨੇ ਕਿਸਾਨਾਂ ਨੂੰ 'ਦੋ ਮਿੰਟ ਵਿੱਚ ਇਲਾਕੇ 'ਚੋਂ ਖਦੇੜਨ' ਵਾਲੀ ਧਮਕੀ ਦਿੱਤੀ ਸੀ। ਵਾਇਰਲ ਹੋਈ ਇਹ ਵਿਡਿਉ ਸਭ ਨੇ ਦੇਖੀ ਹੈ ਪਰ ਸ਼ਾਇਦ ਸਰਕਾਰ ਨੇ ਨਹੀਂ ਦੇਖੀ। ਅਜੈ ਮਿਸ਼ਰਾ 'ਤੇ ਧਾਰਾ 120 ਬੀ ਅਧੀਨ ਕੇਸ ਦਰਜ ਹੈ ਪਰ ਸਰਕਾਰ ਨਾ ਤਾਂ ਉਸ ਨੂੰ ਕੇਂਦਰੀ ਮੰਤਰੀ ਮੰਡਲ ਵਿਚੋਂ ਬਰਖਾਸਤ ਕਰ ਰਹੀ ਹੈ ਅਤੇ ਨਾ ਹੀ ਅਜੇ ਤੱਕ ਗ੍ਰਿਫਤਾਰ ਕੀਤਾ ਹੈ। ਸਰਕਾਰ ਉਸ ਨੂੰ ਗ੍ਰਿਫਤਾਰ ਕਰਕੇ ਤੁਰੰਤ ਬਰਖਾਸਤ ਕਰੇ।
ਕੱਲ੍ਹ ਨੇੜਲੇ ਪਿੰਡ ਪੱਖੋਕੇ ਦੇ ਕਿਸਾਨ ਬਲਦੇਵ ਸਿੰਘ ਨੇ ਕਰਜੇ ਦੇ ਦਬਾਅ ਹੇਠ ਆ ਕੇ ਖੁਦਕੁਸ਼ੀ ਕਰ ਲਈ।ਅੱਜ ਧਰਨੇ ਵਿੱਚ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਖੁਦਕੁਸ਼ੀ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗੋ।ਇਹੀ ਇੱਕੋ ਇੱਕ ਰਾਹ ਹੀ ਸਾਡੀਆਂ ਮੁਸ਼ਕਲਾਂ ਦਾ ਅਸਲੀ ਹੱਲ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ,ਗੁਰਨਾਮ ਸਿੰਘ ਠੀਕਰੀਵਾਲਾ, ਜਸਪਾਲ ਸਿੰਘ ਕਲਾਲਮਾਜਰਾ, ਪਵਿੱਤਰ ਸਿੰਘ ਲਾਲੀ, ਮਨਜੀਤ ਰਾਜ, ਗੁਰਦੇਵ ਸਿੰਘ ਮਾਂਗੇਵਾਲ, ਜਗਤਾਰ ਬੈਂਸ, ਬਲਜੀਤ ਚੌਹਾਨਕੇ, ਜੱਗਾ ਸਿੰਘ ਬਦਰਾ, ਗੁਰਮੇਲ ਸ਼ਰਮਾ,ਜਗਰਾਜ ਸਿੰਘ ਹਰਦਾਸਪੁਰਾ,ਯਾਦਵਿੰਦਰ ਸਿੰਘ ਚੌਹਾਨਕੇ, ਗੋਰਾ ਸਿੰਘ ਢਿੱਲਵਾਂ, ਜਸਪਾਲ ਕੌਰ ਕਰਮਗੜ੍ਹ,ਲਾਲ ਸਿੰਘ ਧਨੌਲਾ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀ, ਰਣਧੀਰ ਸਿੰਘ ਰਾਜਗੜ, ਜਗਸੀਰ ਸਿੰਘ ਛੀਨੀਵਾਲ, ਜਸਵੀਰ ਖੇੜੀ, ਸਾਧੂ ਸਿੰਘ ਛੀਨੀਵਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਦਾ ਮਸਲੇ ਨੂੰ ਬਹੁਤ ਸ਼ਿੱਦਤ ਨਾਲ ਉਭਾਰਿਆ।ਆਗੂਆਂ ਨੇਕਿਹਾ ਕਿ ਪੰਜਾਬ ਨੂੰ ਹਾੜੀ ਦੀ ਫਸਲ ਲਈ 55 ਲੱਖ ਟਨ ਡੀਏਪੀ ਖਾਦ ਦੀ ਜਰੂਰਤ ਹੈ ਪਰ ਸਿਰਫ 18 ਲੱਖ ਟਨ ਦੀ ਸਪਲਾਈ ਦਾ ਇੰਤਜ਼ਾਮ ਕੀਤਾ ਗਿਆ ਹੈ। ਖਾਦ ਦਾ 1200 ਰੁਪਏ ਵਾਲਾ ਗੱਟਾ 1500 ਰੁਪਏ ਤੱਕ ਵਿਕ ਰਿਹਾ ਹੈ।ਕਿਸਾਨਾਂ ਨੂੰ ਰੇਲਵੇ ਦੇ ਖਾਦ ਵਾਲੇ ਰੈਕ ਘੇਰਨੇ ਪੈ ਰਹੇ ਹਨ ਤਾਂ ਜੁ ਖਾਦ ਪਰਾਈਵੇਟ ਡੀਲਰਾਂ ਦੀ ਬਜਾਏ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲੇ। ਡੀਲਰ, ਡੀਏਪੀ ਖਾਦ ਦੇ ਨਾਲ ਗੈਰ-ਜਰੂਰੀ ਕੈਮੀਕਲ ਤੇ ਖਾਦਾਂ ਖਰੀਦਣ ਲਈ ਸ਼ਰਤਾਂ ਮੜ੍ਹ ਰਹੇ ਹਨ। ਝੋਨੇ ਦੀ ਕਟਾਈ/ ਵਿਕਰੀ ਵਿੱਚ ਰੁੱਝੇ ਕਿਸਾਨਾਂ ਲਈ ਡੀਏਪੀ ਖਾਦ ਦਾ ਇੰਤਜ਼ਾਮ ਕਰਨਾ ਨਵੀਂ ਸਿਰਦਰਦੀ ਬਣਿਆ ਹੋਇਆ ਹੈ।ਸਰਕਾਰ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ।
ਅੱਜ ਸਰਦਾਰਾ ਸਿੰਘ ਮੌੜ, ਨਰਿੰਦਰਪਾਲ ਸਿੰਗਲਾ, ਪ੍ਰੀਤ ਕੌਰ ਧੂਰੀ ਨੇ ਗੀਤ ਤੇ ਕਵਿਤਾਵਾਂ ਸੁਣਾਈ।