ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕਤਾ ਰੈਲੀ
ਨਾਗਰਿਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸੇਵਾਵਾਂ ਲੈਣ- ਰਾਜੂ ਸਤਿਆਲ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 18 ਅਕਤੂਬਰ 2021- ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਨਾਗਰਿਕਾਂ ਨੂੰ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਜਨਤਾ ਲਈ ਉਪਲੱਬਧ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਇੱਕ ਚਾਰ ਰੋਜਾ ਅੰਤਰ-ਰਾਜੀ ਸਾਈਕਲ ਰੈਲੀ ਸੰਸਥਾ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਵੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੱਦੇ ਉੱਤੇ ਜ਼ਿਲ੍ਹਾ ਹੈਡ ਕੁਆਟਰ ਵਿਖੇ ਦੋ ਸਾਈਕਲ ਰੈਲੀਆਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ। ਹੱਥਲੀ ਰੈਲੀ ਰੂਪਨਗਰ ਤੋਂ ਸ਼ਿਮਲਾ ਤੱਕ ਵਾਇਆ ਪੁਰਾਣੀ ਸ਼ਿਮਲਾ ਰੋਡ ਰਾਹੀਂ ਕਰਨ ਦਾ ਵਿਲੱਖਣ ਉਪਰਾਲਾ, ਲੋਕਾਂ ਅੰਦਰ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਲਈ ਸੰਸਥਾ ਦੇ ਪ੍ਰਧਾਨ ਤੇ ਰੂਪਨਪਰ ਦੇ ਵਾਰਡ ਨੰਬਰ 21 ਦੇ ਅਜ਼ਾਦ ਕੌਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਮਨ ਦੀ ਉਪਜ ਸੀ।
ਜਨਰਲ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਯਾਤਰਾ ਦੇ ਪਹਿਲੇ ਦਿਨ ਰਾਜੂ ਸਤਿਆਲ ਵੱਲੋਂ ਹਿਮਾਂਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਸਥਾਨ ਬਾਬਿਆਂ ਦੇ ਹਰੀਪੁਰ ਡੇਰੇ ਦੇ ਨੇੜੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਸੂਬੇ ਭਰ ਅੰਦਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਰਾਜੂ ਸਤਿਆਲ ਨੇ ਕਿਹਾ ਕਿ ਹਰੇਕ ਜਿਲ੍ਹੇ ਅੰਦਰ ਸਥਿਤ ਅਥਾਰਟੀ ਦੇ ਵਿੰਗ ਰਾਹੀਂ ਨਾਗਰਿਕ ਬੱਚਿਆਂ, ਇਸਤਰੀਆਂ, ਸੀਨੀਅਰ ਨਾਗਰਿਕਾਂ ਆਦਿ ਦੇ ਹੱਕਾਂ ਬਾਰੇ ਮੁਫਤ ਕਾਨੂੰਨੀ ਸੇਵਾਵਾਂ ਲੈ ਸਕਦੇ ਹਨ। ਇਥੇ ਹੀ ਬੱਸ ਨਹੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਲੋਕ ਅਦਾਲਤਾਂ ਰਾਹੀਂ ਵੀ ਨਾਗਰਿਕ ਆਪਣੇ ਲੰਮੇ ਸਮੇਂ ਤੋਂ ਅਦਾਲਤਾਂ ਅੰਦਰ ਚੱਲ ਰਹੇ ਸਿਵਲ, ਫੌਜਦਾਰੀ ਮਾਮਲੇ ਆਪਸੀ ਸਹਿਮਤੀ ਨਾਲ ਤੁਰੰਤ ਨਿਬੇੜ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਵੇਲੇ ਕੌਮੀ ਪੱਧਰ ਉਤੇ ਕਾਨੂੰਨੀ ਜਾਗਰੂਕਤਾ ਦੀ 45 ਦਿਨਾਂ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ।
ਇਸ ਚਾਰ ਰੋਜ਼ਾ ਜਾਗਰੂਕਤਾ ਰੈਲੀ ਦੌਰਾਨ ਉਹਨਾਂ ਸਿਸਵਾਂ ਟੀ ਪੁਆਇੰਟ, ਕੋਟਾੜ, ਰਿੱਜ ਸ਼ਿਮਲਾ, ਸੋਲਨ ਵਿਖੇ ਲੋਕਾਂ ਨਾਲ ਇਸ ਮਸਲੇ ਸਬੰਧੀ ਵਿਸਥਾਰਤ ਰੂਪ ਵਿੱਚ ਚਰਚਾ ਕੀਤੀ। ਜਿਕਰਯੋਗ ਹੈ ਕਿ ਇਸ ਅੰਤਰ-ਸੂਬਾ ਕਾਨੂੰਨੀ ਜਾਗਰੂਕਤਾ ਰੈਲੀ ਨੂੰ ਕੈਨੇਡਾ ਨਿਵਾਸੀ ਕਾਰੋਬਾਰੀ ਸਤਿੰਦਰਪਾਲ ਸਿੰਘ ਬੱਬਲੂ ਸਤਿਆਲ ਵੱਲੋਂ ਸਪਾਂਸਰ ਕੀਤਾ ਗਿਆ ਸੀ। ਰੈਲੀ ਵਿੱਚ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨਾਲ ਸੰਸਥਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ ਵੀ ਸ਼ਾਮਿਲ ਸਨ। ਰੈਲੀ ਦੇ ਸਫਲਤਾ ਪੂਰਬਕ ਆਯੋਜਨ ਲਈ ਸੰਸਥਾ ਦੇ ਸਲਾਹਕਾਰ ਕ੍ਰਮਵਾਰ ਚੀਫ ਇੰਜੀਨੀਅਰ ਗੁਰਚੈਨ ਸਿੰਘ ਬੰਗਾ, ਪ੍ਰਿੰਸੀਪਲ ਜਗਤਾਰ ਸਿੰਘ ਲੌਗੀਆਂ, ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਸੁਰਜੀਤ ਸਿੰਘ ਸੰਧੂ, ਵਿੱਤ ਸਕੱਤਰ ਮਨਦੀਪ ਕੁਮਾਰ, ਸਿਮਰਨਜੀਤ ਸਿੰਘ ਸ਼ੀਹੋਮਾਜਰਾ,ਧਰਮਿੰਦਰ ਸਿੰਘ ਭੰਗੂ, ਸਿਮਰਨਜੀਤ ਸਿੰਘ ਰੱਕੜ, ਡਾਕਟਰ ਸ਼ਿਵਰਾਜ ਸਿੰਘ ਢਿੱਲੋਂ, ਹਰਵਿੰਦਰ ਸਿੰਘ ਕੰਗ,ਦਮਨਵੀਰ ਸਿੰਘ ਸਤਿਆਲ, ਇੰਜੀਨੀਅਰ ਯਾਦਵਿੰਦਰ ਸਿੰਘ ਆਦਿ ਮੈਂਬਰਾਂ ਨੇ ਸਲਾਘਾਯੋਗ ਭੂਮਿਕਾ ਨਿਭਾਈ।