ਅਸ਼ੋਕ ਵਰਮਾ
ਬਠਿੰਡਾ, 18 ਅਕਤੂਬਰ 2021: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਅੱਜ ਜਿਲ੍ਹੇ ਭਰ ’ਚ ਚਾਰ ਥਾਵਾਂ ਤੇ ਰੇਲ ਆਵਾਜਾਈ ਠੱਪ ਕੀਤੀ। ਇੰਨ੍ਹਾਂ ’ਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਹੇਠ ਬਠਿੰਡਾ - ਫਿਰੋਜ਼ਪੁਰ ਰੇਲਵੇ ਲਾਈਨ ਤੇ ਗੋਨਿਆਣਾ ਮੰਡੀ ਵਿਖੇ , ਗੁਰਪਾਲ ਸਿੰਘ ਦਿਓਣ ਤੇ ਜਸਪਾਲ ਸਿੰਘ ਕੋਠਾ ਗੁਰੂ ਦੀ ਅਗਵਾਈ ਵਿੱਚ ਬਠਿੰਡਾ - ਦਿੱਲੀ ਵਾਇਆ ਅੰਬਾਲਾ ਸੈਕਸ਼ਨ ਤੇ ਰਾਮਪੁਰਾ ਸ਼ਹਿਰ ਵਿਖੇ ਅਤੇ ਧਰਮਪਾਲ ਸਿੰਘ ਜੰਡੀਆਂ ਦੀ ਅਗਵਾਈ ਵਿੱਚ ਬਠਿੰਡਾ ਬੀਕਾਨੇਰ ਰੇਲਵੇ ਲਾਈਨ ਤੇ ਪਿੰਡ ਪਥਰਾਲਾ ਵਿਖੇ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ । ਅੱਜ ਦੇ ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਤੋਂ ਇਲਾਵਾ ਕਿਸਾਨ ਔਰਤਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਕੇਭਦਰ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਤੇ ਨਿਸ਼ਾਨਾ ਬਣਾਇਆ।
ਇਕੱਠਾਂ ਨੂੰ ਸੰਬੋਧਨ ਕਰਦਿਆਂ ਇੰਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਲਖਮੀਰਪੁਰ ਕਾਂਡ , ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਤੇ ਬਿਜਲੀ ਬਿੱਲ 2020 ਰੱਦ ਕਰਵਾਉਣ, ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਦਾ ਕਾਨੂੰਨ ਰੱਦ ਕਰਵਾਉਣ , ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦੀ ਸਰਕਾਰ ਵੱਲੋਂ ਘੱਟੋ ਘੱਟ ਮਿੱਥੇ ਸਰਕਾਰੀ ਭਾਅ ਤੇ ਸਰਕਾਰੀ ਖਰੀਦ ਦੀ ਗਾਰੰਟੀ ਕਰਵਾਉਣ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੀਆਂ ਲੋੜੀਂਦੀਆਂ ਵਸਤਾਂ ਸਾਰੇ ਗਰੀਬਾਂ ਤਕ ਮੁਫ਼ਤ ਜਾਂ ਸਸਤੇ ਰੇਟਾਂ ਤੇ ਦਿਵਾਉਣ ਲਈ ਕੇਂਦਰ ਸਰਕਾਰ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਮੋਰਚੇ ਨੂੰ ਗਿਆਰਾਂ ਮਹੀਨੇ ਹੋਣ ਵਾਲੇ ਹਨ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜ੍ਹ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਤੇ ਅੜੀ ਹੋਈ ਹੈ ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਜਨਤਕ ਅਦਾਰੇ ,ਜੰਗਲ ,ਜ਼ਮੀਨਾਂ ,ਰੇਲਾਂ, ਬੰਦਰਗਾਹਾਂ ,ਹਵਾਈ ਅੱਡੇ ਆਦਿ ਕਾਰਪੋਰੇਟ ਘਰਾਣਿਆਂ ਅਤੇ ਦੇਸ਼ੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਲਈ ਨਵੇਂ ਕਾਨੂੰਨ ਬਣਾਏ ਤੇ ਹੋਰ ਹੱਥਕੰਡੇ ਵਰਤੇ ਜਾ ਰਹੇ ਹਨ ।ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦੇਸ਼ ਦੇ ਮਾਲ ਖ਼ਜ਼ਾਨਿਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਏਕੇ ਨੂੰ ਖਿੰਡਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਾਸ਼ੀਵਾਦੀ ਹਮਲੇ ਕੀਤੇ ਜਾ ਰਹੇ ਹਨ । ਉਨ੍ਹਾਂ ਆਖਿਆ ਕਿ ਚਿੰਤਾਜਨਕ ਹੈ ਕਿ ਦੇਸ਼ ਦੇ ਅੰਨਦਾਤਾ ਤੇ ਨਕਸਲੀ, ਪਾਕਿਸਤਾਨੀ,ਮਵਾਲੀ, ,ਅੰਦੋਲਨਜੀਵੀ ਅਤੇ ਅਤਿਵਾਦੀ ਹੋਣ ਵਰਗੇ ਦੋਸ਼ ਲਾ ਕੇ ਦੇਸ਼ ਦੇ ਲੋਕਾਂ ਚ ਬਦਨਾਮ ਕਰਨ ਤੋਂ ਇਲਾਵਾ ਧਰਮਾਂ, ਜਾਤਾਂ, ਇਲਾਕਿਆਂ ਦੇ ਨਾਂ ਤੇ ਪਾਟਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਬੀਜੇਪੀ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਤੇ ਸਿੱਧੇ ਹਮਲੇ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ ਜਿਸ ਦੇ ਸਿੱਟੇ ਵਜੋਂ 3 ਅਕਤੂਬਰ ਨੂੰ ਲਖੀਮਪੁਰ ਖੀਰੀ ( ਯੂ ਪੀ ) ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਕਿਸਾਨਾਂ ਨੂੰ ਜੀਪ ਹੇਠਾਂ ਦਰੜ ਕੇ ਕਤਲ ਕਰ ਦਿੱਤਾ ਹੈ । ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਉਸ ਨੂੰ ਤੁਰੰਤ ਜੇਲ੍ਹ ਵਿੱਚ ਸੁੱਟਿਆ ਜਾਵੇ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ । ਅੱਜ ਦੇ ਇਕੱਠਾਂ ਨੂੰ ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾਗੁਰੂ ,ਕੁਲਵੰਤ ਸ਼ਰਮਾ ਡੀ ਟੀ ਐਫ ਦੇ ਆਗੂ ਮਾਸਟਰ ਜਸਵਿੰਦਰ ਸਿੰਘ ,ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਅਤੇ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ ।