ਬਹਾਦਰਗੜ੍ਹ ਰੇਲਵੇ ਸਟੇਸ਼ਨ 'ਤੇ ਦਿੱਲੀ -ਬਠਿੰਡਾ - ਸਿਰਸਾ ਰੇਲ ਆਵਾਜਾਈ ਜ਼ਾਮ।
ਦਲਜੀਤ ਕੌਰ ਭਵਾਨੀਗੜ੍ਹ
ਬਹਾਦਰਗੜ੍ਹ, 18 ਅਕਤੂਬਰ 2021: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਮੰਤਰੀ ਮੰਡਲ 'ਚੋਂ ਬਰਖਾਸਤਗੀ ਅਤੇ ਲਖੀਮਪੁਰ ਖੀਰੀ ਕਿਸਾਨ ਕਤਲ ਕਾਂਡ ਵਿਚ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨ ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨਾਂ ਵਲੋਂ ਅੱਜ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਬਹਾਦਰਗੜ੍ਹ ਰੇਲਵੇ ਸਟੇਸ਼ਨ 'ਤੇ ਦਿੱਲੀ -ਬਠਿੰਡਾ - ਸਿਰਸਾ ਰੇਲ ਆਵਾਜਾਈ ਨੂੰ ਠੱਪ ਕੀਤਾ।
ਇਥੇ ਅੰਦੋਲਨਕਾਰੀ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂਆਂ ਬੂਟਾ ਸਿੰਘ ਬੁਰਜਗਿੱਲ (ਸੂਬਾ ਪ੍ਰਧਾਨ), ਬੋਘ ਸਿੰਘ ਮਾਨਸਾ (ਸੂਬਾ ਪ੍ਰਧਾਨ), ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਅੱਜ ਦੇ ਦੇਸ਼ ਵਿਆਪੀ ਰੇਲ ਜਾਮ ਰਾਹੀਂ ਸਾਡੀ ਮੁੱਖ ਮੰਗ ਲਖੀਮਪੁਰ ਕਾਂਡ ਦੇ ਮੁਜ਼ਰਿਮ ਅਜੇ ਟੈਣੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੇ ਨਾਲ ਸਾਡੀ ਮੰਗ ਹੈ ਕਿ ਉਸ ਪੂਰੀ ਘਟਨਾ ਤੇ ਇਸ ਅਪਰਾਧੀ ਪਿਛੋਕੜ ਵਾਲੇ ਮੰਤਰੀ ਬਾਰੇ ਸੁਪਰੀਮ ਕੋਰਟ ਦੇ ਦੋ ਮੌਜੂਦਾ ਜੱਜਾਂ ਰਾਹੀਂ ਇਕ ਮਹੀਨੇ ਵਿਚ ਪੂਰੀ ਹੋਣ ਵਾਲੀ ਸਮਾਂਬੱਧ ਜਾਂਚ ਕਰਵਾਈ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ, ਸਾਂਤਮਈ ਕਿਸਾਨ ਅੰਦੋਲਨਕਾਰੀਆਂ ਖ਼ਿਲਾਫ਼ ਸਾਜ਼ਿਸ਼ਾਂ ਤੇ ਹਮਲੇ ਕਰਨੇ ਅਤੇ ਉਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ, ਵਰਨਾ ਦੇਸ ਵਿਚੋਂ ਅਪਣਾ ਬੋਰੀਆਂ ਬਿਸਤਰਾ ਸਮੇਟਣ ਲਈ ਤਿਆਰ ਰਹੇ।
ਅੱਜ ਦੇ ਇਸ ਰੇਲ ਜਾਮ ਧਰਨੇ ਨੂੰ ਟਿਕ ਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਅਮਰੀਕ ਸਿੰਘ ਫਫੜੇ ਭਾਈਕੇ, ਗੁਰਨਾਮ ਸਿੰਘ ਭੀਖੀ, ਹਰਪ੍ਰੀਤ ਸਿੰਘ ਝਬੇਲਵਾਲੀ, ਜਸਬੀਰ ਕੌਰ ਨੱਤ, ਕੁਲਵੰਤ ਸਿੰਘ ਮੌਲਵੀਵਾਲਾ, ਬਲਦੇਵ ਸਿੰਘ ਭਾਈਰੂਪਾ, ਜੀਆ ਲਾਲ, ਮਨਦੀਪ ਮਲਿਕ ਉਮਰਾਂ, ਤੇਜਿੰਦਰ ਰਤੀਆ, ਕੁਲਦੀਪ ਢਾਂਗਾਂ, ਸੁਮਿਤ ਸਗਾਰਾ, ਕਾਲਾ ਪੇਧਨੀ, ਲਖਵਿੰਦਰ ਸਿੰਘ ਪੀਰ ਮੁਹੰਮਦ, ਕਾਕਾ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਗੋਲੇਵਾਲਾ ਨੇ ਵੀ ਸੰਬੋਧਨ ਕੀਤਾ।