ਅਸ਼ੋਕ ਵਰਮਾ
ਬਠਿੰਡਾ, 18 ਅਕਤੂਬਰ 2021: ਬਾਰਡਰ ਸਕਿਉਰਿਟੀ ਫੋਰਸ (ਬੀ.ਐਸ.ਐਫ) ਨੂੰ ਦਿੱਤੀਆਂ ਵਾਧੂ ਤਾਕਤਾਂ ਦਾ ਤਿੱਖਾ ਵਿਰੋਧ ਕਰਦਿਆਂ ਅੱਜ ਆਮ ਆਦਮੀ ਪਾਰਟੀ ਜਿਲ੍ਹਾ ਬਠਿੰਡਾ ਨੇ ਜਿਲ੍ਹਾ ਕਚਹਿਰੀਆਂ ਦੇ ਸਾਹਮਣੇ ਕੇਂਦਰ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪਤਲੇ ਫੂਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਬੁਲਾਰੇ ਨੀਲ ਗਰਗ ਨੇ ਬੀ ਐੱਸ ਐੱਫ ਦਾ ਪੰਜਾਬ ਵਿੱਚ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਅਤੇ ਕੌਮੀ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਹੈ ।
ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਫ਼ੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਕੇਂਦਰ ਸਰਕਾਰ ਜਿੰਨੇ ਹੀ ਜ਼ਿੰਮੇਵਾਰ ਹਨ ਕਿਉਂਕਿ ਇਸ ਫੁਰਮਾਨ ਤੋਂ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਸਰਹੱਦ ਰਾਹੀਂ ਹੁੰਦੀ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਵਾਸਤੇ ਆਖਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਨੇ 50 ਫ਼ੀਸਦੀ ਪੰਜਾਬ ’ਤੇ ਕਬਜ਼ੇ ਲਈ ਖ਼ੁਦ ਹੀ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਵਾਗਡੋਰ ਸੰਭਾਲ ਦਿੱਤੀ।
ਆਪ ਦੇ ਬਠਿੰਡਾ ਸਹਿਰੀ ਤੋਂ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ, ਭੁੱਚੋ ਮੰਡੀ ਤੋਂ ਹਲਕਾ ਇੰਚਾਰਜ ਜਗਸੀਰ ਸਿੰਘ ਅਤੇ ਮੌੜ ਮੰਡੀ ਤੋ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ ਨੇ ਖਦਸ਼ਾ ਜਤਾਇਆ ਕਿ ਕੇਂਦਰ ਸਰਕਾਰ ਇਸ ਫੈਸਲੇ ਦੀ ਕਿਸਾਨਾਂ ਅਤੇ ਸਿਆਸੀ ਵਿਰੋਧੀਆਂ ਦੁਰਵਰਤੋਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ’ਚ ਵੀ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ ਹੀ ਸੀ ਅਤੇ ਪੰਜਾਬੀਆਂ ਤੇ ਬੀਐਸਐਫ ਰਾਹੀਂ ਕੇਂਦਰ ’ਚ ਬੈਠੀ ਭਾਜਪਾ ਵੱਲੋਂ ਅਸਿੱਧੇ ਢੰਗ ਨਾਲ ਰਾਜ ਕਰਨ ਦੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ।
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਨਵਦੀਪ ਸਿੰਘ ਜੀਦਾ ਅਤੇ ਟ੍ਰੇਡ ਵਿੰਗ ਦੇ ਸਟੇਟ ਕੋ ਪ੍ਰੈਜੀਡੈਂਟ ਅਨਿਲ ਠਾਕਰ ਨੇ ਕਿਹਾ ਕਿ ਇਹ ਫ਼ੈਸਲਾ ਅਸਲ ’ਚ ਰਾਸ਼ਟਰੀ ਸੁਰੱਖਿਆ ਦਾ ਨਹੀਂ, ਸਗੋਂ ਰਾਸ਼ਟਰੀ ਰਾਜਨੀਤੀ ਦਾ ਮਸਲਾ ਹੈ ਅਤੇ ਚੰਨੀ ਸਰਕਾਰ ਇਸ ਮਸਲੇ ’ਚ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲ਼ੀ ਹੋਈ ਹੈ। ਉਨ੍ਹਾਂ ਪੰਜਾਬ ’ਚ ਬੀਐਸਐਫ ਦਾ ਦਾਇਰਾ 35 ਕਿੱਲੋਮੀਟਰ ਵਧਾਉਣ ਅਤੇ ਗੁਜਰਾਤ ’ਚ 30 ਕਿੱਲੋਮੀਟਰ ਘਟਾਉਣ ਦੇ ਕੇਂਦਰੀ ਫ਼ੈਸਲੇ ਦੀ ਨੁਕਤਾਚੀਨੀ ਕਰਦਿਆਂ ਸਵਾਲ ਕੀਤਾ ਕਿ ਕੀ ਗੁਜਰਾਤ ਦੀ ਸਰਹੱਦ ’ਤੇ ਕੌਮੀ ਸੁਰੱਖਿਆ ਦਾ ਮਸਲਾ ਨਹੀਂ ਹੈ ਜੋ ਉੱਥੋਂ ਦਾ ਕਰੀਬ 37 ਫ਼ੀਸਦੀ ਇਲਾਕਾ ਬੀ.ਐਸ.ਐਫ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਦਿੱਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਰਕੇਸ਼ ਪੁਰੀ , ਡਿਪਟੀ ਜਿਲ੍ਹਾ ਪ੍ਰਧਾਨ ਅੰਮ੍ਰਿਤ ਅਗਰਵਾਲ, ਬੁੱਧੀਜੀਵੀ ਵਿੰਗ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਫੁੱਲੋ ਮਿੱਠੀ ਅਤੇ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ ਮਨਦੀਪ ਕੌਰ ਰਾਮਗੜ੍ਹੀਆ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਜਿਲ੍ਹਾ ਕੈਸ਼ੀਅਰ ਐੱਮ ਐੱਲ ਜਿੰਦਲ, ਜਿਲ੍ਹਾ ਦਫਤਰ ਇੰਚਾਰਜ ਬਲਜਿੰਦਰ ਬਰਾੜ, ਸੋਸ਼ਲ ਮੀਡੀਆ ਇੰਚਾਰਜ ਸੁਖਬੀਰ ਬਰਾੜ, ਅਤੇ ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ ਸਮੇਤ ਵਲੰਟੀਅਰ ਹਾਜ਼ਰ ਸਨ।