ਰਾਜੀਵ ਕੁਮਾਰ ਬਣੇ ਡੀ.ਟੀ.ਐਫ ਇਕਾਈ ਪਾਤੜਾਂ ਦੇ ਪ੍ਰਧਾਨ
ਡੀ.ਟੀ.ਐਫ ਪਾਤੜਾਂ ਦੀ ਨਵੀਂ ਚੁਣੀ ਗਈ ਬਲਾਕ ਕਮੇਟੀ ਦੀ ਅਗਵਾਈ ਵਿੱਚ ਮੋਰਿੰਡਾ ਪੱਕੇ ਮੋਰਚੇ 'ਚ 19 ਅਤੇ 20 ਅਕਤੂਬਰ ਨੂੰ ਦੋ ਦਿਨਾਂ ਲਈ ਹਾਜ਼ਰੀ ਭਰਨਗੇ ਅਧਿਆਪਕ
ਦਲਜੀਤ ਕੌਰ ਭਵਾਨੀਗੜ੍ਹ
ਪਾਤੜਾਂ, 18 ਅਕਤੂਬਰ, 2021: ਅਧਿਆਪਕ ਸੰਘਰਸ਼ਾਂ ਦੀ ਮੋਹਰੀ ਸਫਾਂ ਵਿੱਚ ਅਗਵਾਈ ਕਰਨ ਵਾਲੀ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋੰ ਪੰਜਾਬ ਵਿੱਚ ਸੰਘਰਸ਼ੀਲ ਅਧਿਆਪਕ ਧਿਰਾਂ ਨਾਲ਼ ਕੀਤੀ ਗਈ ਸੂਬਾਈ ਏਕਤਾ ਨੂੰ ਬਲਾਕ ਪੱਧਰ ਤੱਕ ਲਾਗੂ ਕਰਦਿਆਂ ਪਾਤੜਾਂ ਬਲਾਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ।
ਇਸ ਚੋਣ ਵਿੱਚ ਰਾਜੀਵ ਕੁਮਾਰ ਨੂੰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਘੱਗਾ ਨੂੰ ਜਨਰਲ ਸਕੱਤਰ, ਹਰਬੰਸ ਲਾਲ ਨੂੰ ਪ੍ਰੈਸ ਸਕੱਤਰ, ਬਖਸ਼ੀਸ਼ ਸਿੰਘ ਨੂੰ ਖਜ਼ਾਨਚੀ ਅਤੇ ਬਲਜਿੰਦਰ ਸਿੰਘ, ਮੁਕੇਸ਼ ਕੁਮਾਰ, ਜਗਤਾਰ ਰਾਮ ਨੂੰ ਬਲਾਕ ਕਮੇਟੀ ਮੈਂਬਰ ਵੱਜੋੰ ਚੁਣਿਆ ਗਿਆ।
ਨਵੀਂ ਚੁਣੀ ਕਮੇਟੀ ਦੇ ਆਗੂ ਰਾਜੀਵ ਕੁਮਾਰ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਨੂੰ ਗਿਣਮਿੱਥ ਕੇ ਲਟਕਾਉਣ ਦੇ ਕਾਰਜਵਿਹਾਰ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ ਸੋਧੇ ਪੰਜਾਬ ਪੇ ਕਮੀਸ਼ਨ ਨੂੰ ਲਾਗੂ ਕਰਵਾਉਣ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਘੱਟੋ ਘੱਟ ਉਜਰਤਾਂ ਲਈ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 16 ਅਕਤੂਬਰ ਤੋਂ ਪੰਜਾਬ ਅਤੇ ਯੂਟੀ ਫਰੰਟ ਦੇ ਬੈਨਰ ਹੇਠ ਲੱਗੇ ਮੋਰਿੰਡਾ ਪੱਕੇ ਮੋਰਚੇ ਵਿੱਚ ਬਲਾਕ ਕਮੇਟੀ ਵਲ਼ੋੰ ਅਧਿਆਪਕਾਂ ਦੀ ਵੱਡੀ ਸ਼ਮੂਲੀਅਤ ਕਰਵਾਈ ਗਈ ਸੀ।
ਡੀਟੀਐੱਫ ਦੇ ਆਗੂਆਂ ਨੇ ਦੱਸਿਆ ਕਿ ਇਸੇ ਲਗਾਤਾਰਤਾ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਵਾਰੀ ਅਨੁਸਾਰ 19 ਅਤੇ 20 ਅਕਤੂਬਰ ਨੂੰ ਦੋ ਦਿਨਾਂ ਲਈ ਪਾਤੜਾਂ ਬਲਾਕ 'ਚੋੰ ਅਧਿਆਪਕਾਂ ਦੀ ਮੋਰਿੰਡਾ ਮੋਰਚੇ ਵਿੱਚ ਬੱਝਵੀਂ ਸ਼ਮੂਲੀਅਤ ਕਰਵਾਈ ਜਾਵੇਗੀ।
ਇਸ ਮੌਕੇ ਪੁਰਾਣੀ ਬਲਾਕ ਕਮੇਟੀ ਵੱਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਤਸੱਲੀ ਪ੍ਰਗਟਾਉਂਦਿਆਂ ਜ਼ਿਲਾ ਪ੍ਰਧਾਨ ਅਤਿੰਦਰ ਪਾਲ ਸਿੰਘ ਅਤੇ ਮੀਤ ਪ੍ਰਧਾਨ ਜਸਪਾਲ ਖਾਂਗ ਨੇ ਨਵੀਂ ਚੁਣੀ ਕਮੇਟੀ ਨੂੰ ਅਧਿਆਪਕਾਂ ਦੀ ਅਗਵਾਈ ਕਰਨ ਦੇ ਮਿਲੇ ਵੱਡੇ ਕਾਰਜ ਨੂੰ ਨਿਭਾਉਣ ਹਿੱਤ ਡੀ.ਟੀ.ਐੱਫ ਦੀ ਸਿਧਾਂਤਕ ਅਤੇ ਸੰਘਰਸ਼ੀ ਲੀਹ ਤੇ ਡਟ ਕੇ ਪਹਿਰਾ ਦੇਣ ਲਈ ਪ੍ਰੇਰਿਆ।
ਇਸ ਜੱਥੇਬੰਦਕ ਪੁਨਰਗਠਨ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੋੰ ਜਗਤਾਰ ਅਤਾਲਾਂ ਸਮੇਤ ਜਗਜੀਤ ਸਿੰਘ, ਜੈਦੇਵ ਸ਼ਰਮਾ, ਵਿੱਕੀ ਬੰਗਾਂ, ਅੰਕੁਸ਼ ਕੁਮਾਰ, ਜਤਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਰਹੇ।