"ਕਿਹਾ ਕਿ ਇਸ ਵਾਰ ਚੋਣਾਂ 'ਚ ਇਮਾਨਦਾਰ ਆਗੂ ਨੂੰ ਵੋਟਾਂ ਪਾਇਓ "
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਅਕਤੂਬਰ 2021: ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਲੋਕ ਇਨਸਾਫ਼ ਪਾਰਟੀ ਦੇ ਇੰਚਾਰਜ ਤੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕੀਤੀ ਤੇ ਸੁਲਤਾਨਪੁਰ ਲੋਧੀ ਦੇ ਮੌਜੂਦਾ ਕਾਂਗਰਸੀ ਵਿਧਾਇਕ , ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਖਿਲਾਫ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਲਗਾਉਂਦੇ ਹੋਏ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਿਸੇ ਇਮਾਨਦਾਰ ਤੇ ਬੇਦਾਗ ਆਗੂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਓ ।ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨਗਰੀ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਹੈ ਤੇ ਇਸ ਪਵਿੱਤਰ ਧਰਤੀ ਤੇ ਪਿਛਲੇ ਕਈ ਸਾਲਾਂ ਤੋਂ ਜਨਤਾ ਨਾਲ ਬੇਇਨਸਾਫ਼ੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਪੰਜਾਬ 'ਚ ਸਾਫ ਸੁਥਰਾ ਪ੍ਰਸ਼ਾਸ਼ਨ ਲਿਆਉਣ ਲਈ ਵਚਨਬੱਧ ਹੈ । ਜੇਕਰ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ 'ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਹੋਵੇ , ਬੇਰੁਜ਼ਗਾਰੀ ਦੂਰ ਹੋਵੇ , ਸਸਤੀ ਬਿਜਲੀ ਮਿਲੇ , ਸਰਕਾਰੀ ਦਫਤਰਾਂ 'ਚ ਬਿਨਾਂ ਕਿਸੇ ਰਿਸ਼ਵਤ ਦੇ ਤੇ ਬਿਨਾਂ ਕਿਸੇ ਸਿਆਸੀ ਦਬਾਅ ਦੇ ਸਭ ਦੇ ਬਰਾਬਰ ਕੰਮ ਹੋਵਣ , ਸਾਰਿਆਂ ਨੂੰ ਥਾਣਿਆਂ 'ਚ ਬਰਾਬਰ ਨਿਆਂ ਮਿਲੇ , ਸਾਰੇ ਕੰਮ ਪਾਰਦਰਸ਼ੀ ਨਾਲ ਹੋਵਣ , ਤਾਂ ਇੱਕ ਵਾਰ ਲੋਕ ਇਨਸਾਫ਼ ਪਾਰਟੀ ਨੂੰ ਸੂਬੇ 'ਚ ਸਰਕਾਰ ਬਣਾ ਕੇ ਸੇਵਾ ਦਾ ਮੌਕਾ ਦਿਓ । ਦੂਲੋਵਾਲ ਨੇ ਕਿਹਾ ਕਿ ਮੈ ਖੁਦ ਹਲਕਾ ਸੁਲਤਾਨਪੁਰ ਲੋਧੀ ਦੀ ਜਨਤਾ ਦੀ ਸੇਵਾ ਕਰਨ ਲਈ ਤਿਆਰ ਹਾਂ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ।
ਲੋਕ ਇਨਸਾਫ਼ ਪਰਿਵਾਰ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ 2012 ਵਿਚ ਉਨ੍ਹਾਂ ਆਪਣੇ ਨਾਮਜਦਗੀ ਪੱਤਰ ਭਰਨ ਸਮੇਂ ਜੋ ਜਾਇਦਾਦ ਦੀ ਜਾਣਕਾਰੀ ਦਿੱਤੀ ਸੀ , ਹੁਣ 10 ਸਾਲਾਂ 'ਚ ਉਸ ਨਾਲੋਂ ਜਾਇਦਾਦ ਤੇ ਪ੍ਰਾਪਰਟੀ 'ਚ ਕਈ ਗੁਣਾਂ ਵਾਧਾ ਕਿਵੇਂ ਹੋਇਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਨਗਰੀ ਸੁਲਤਾਨਪੁਰ ਲੋਧੀ 'ਚ ਸੂਬਾ ਸਰਕਾਰ ਵੱਲੋਂ ਆਏ ਕਰੋੜਾਂ ਰੁਪਏ 'ਚ ਵੀ ਵੱਡਾ ਘਪਲਾ ਹੋਇਆ ਹੈ । ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਸਮੇਂ ਗੁੰਡਾਗਰਦੀ , ਧੱਕੇਸ਼ਾਹੀ ਤੇ ਭ੍ਰਿਸ਼ਟਾਚਾਰ 'ਚ ਭਾਰੀ ਵਾਧਾ ਹੋਇਆ ਹੈ ।
ਇਸਤੋਂ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਖਿਲਾਫ ਵੀ ਕਈ ਸੰਗੀਨ ਦੋਸ਼ ਲਗਾਏ ਤੇ ਕਿਹਾ ਕਿ ਜਦੋਂ ਉਹ ਨਿੱਤ ਪਾਰਟੀਆਂ ਬਦਲਣ ਦੇ ਆਦੀ ਹਨ ।ਦੂਲੋਵਾਲ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਲੜੀ ਤੇ ਹਾਰਨ ਉਪਰੰਤ ਅਕਾਲੀ ਦਲ 'ਚ ਸ਼ਾਮਲ ਹੋ ਗਏ ਅਤੇ ਜਦੋਂ ਅਕਾਲੀ ਦਲ ਦੀ ਟਿਕਟ ਮਿਲਣ ਦੀ ਆਸ ਨਾ ਰਹੀ ਤਾਂ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ । ਉਨ੍ਹਾਂ ਹੋਰ ਦੋਸ਼ ਲਾਇਆ ਕਿ ਇਸਤੋਂ ਇਲਾਵਾ ਪੁਲਸ ਅਫਸਰ ਹੁੰਦੇ ਸਮੇਂ ਜਨਤਾ ਨਾਲ ਧੱਕੇਸ਼ਾਹੀ ਕੀਤੀ ਤੇ ਕਈ ਝੂਠੇ ਪਰਚੇ ਦਰਜ ਕੀਤੇ ।
ਇਸੇ ਹੀ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਹਲ਼ਕਾ ਇੰਚਾਰਜ ਦਲਜੀਤ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਖਿਲਾਫ ਵੀ ਕਈ ਸੰਗੀਨ ਦੋਸ਼ ਲਗਾਏ । ਉਨ੍ਹਾਂ ਕਿਹਾ ਕਿ 2002 ਵਿਚ ਜਦੋਂ ਉਕਤ ਆਗੂ ਕਾਂਗਰਸ ਦੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਸੁਲਤਾਨਪੁਰ ਲੋਧੀ ਦਾ ਹਲਕਾ ਇੰਚਾਰਜ ਬਣਾਇਆ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਇਸ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਦਿਆਂ ਕਈ ਝੂਠੇ ਪਰਚੇ ਸਿਆਸੀ ਦਬਾਅ ਨਾਲ ਦਰਜ ਕਰਵਾਏ । ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿੰਡਾਂ ਦੇ ਨੰਬਰਦਾਰ ਬਣਾਉਣ ਲਈ ਵੀ ਉਸ ਸਮੇਂ ਸਬੰਧਿਤ ਹਲਕਾ ਇੰਚਾਰਜ ਵੱਲੋਂ ਮੋਟੀਆਂ ਰਕਮਾਂ ਅਧਿਕਾਰੀਆਂ ਨੂੰ ਦੇਣ ਦੇ ਨਾਮ ਤੇ ਵਸੂਲ ਕਰਕੇ ਭ੍ਰਿਸ਼ਟਾਚਾਰ ਕੀਤਾ । ਉਨ੍ਹਾਂ ਇਹ ਵੀ ਕਥਿਤ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਵੇਲੇ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਤਕਰੀਬਨ 4 ਸਾਲ ਉਨ੍ਹਾਂ ਲੋਕਾਂ ਕੋਲੋਂ ਮੋਟਾ ਪੈਸਾ ਇਕੱਠਾ ਕੀਤਾ ।
ਅੰਤ 'ਚ ਦੂਲੋਵਾਲ ਨੇ ਕਿਹਾ ਕਿ ਕਾਂਗਰਸ ਵਿਧਾਇਕ , ਆਪ ਦੇ ਹਲਕਾ ਇੰਚਾਰਜ ਤੇ ਅਕਾਲੀ ਦਲ ਦੇ ਉਮੀਦਵਾਰ ਤਿੰਨੇ ਹੀ ਭ੍ਰਿਸ਼ਟ ਆਗੂ ਹਨ ਤੇ ਇਹ ਤਿੰਨਾਂ ਕੋਲੋਂ ਜਨਤਾ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਨਾਲ ਇਸ ਸਮੇਂ ਨਛੱਤਰ ਸਿੰਘ ਚੰਦੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਲੋਕ ਇਨਸਾਫ਼ ਪਾਰਟੀ , ਸੁਖਵਿੰਦਰ ਸਿੰਘ ਮੱਲੀ , ਸੁਖਵਿੰਦਰ ਸਿੰਘ ਤਲਵੰਡੀ , ਗੁਰਚਰਨ ਸਿੰਘ ਦੂਲੋਵਾਲ , ਕੁਲਵਿੰਦਰ ਸਿੰਘ , ਜੰਗ ਬਹਾਦਰ ਸਿੰਘ , ਰਾਜਿੰਦਰ ਸਿੰਘ ਹੈਪੀ , ਹਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਵੀ ਹਾਜਰ ਸਨ ।
*** ਕੀ ਕਹਿੰਦੇ ਹਨ ਕਾਂਗਰਸ ਵਿਧਾਇਕ :-
ਇਸ ਸੰਬੰਧੀ ਕਾਂਗਰਸ ਵਿਧਾਇਕ ਨੇ ਦੂਲੋਵਾਲ ਵੱਲੋਂ ਲ਼ਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਕਿਹਾ ਕਿ ਸਾਰੇ ਦੋਸ਼ ਸਿਆਸੀ ਤੌਰ ਤੇ ਬਦਨਾਮ ਕਰਨ ਲਈ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਸਿਰਫ ਆ ਰਹੀਆਂ ਚੋਣਾਂ ਕਾਰਨ ਪ੍ਰਸਿੱਧੀ ਪ੍ਰਾਪਤ ਕਰਨ ਲਈ ਦੋਸ਼ ਲਗਾ ਰਿਹਾ ਹੈ , ਜਦਕਿ ਇਹਨਾਂ ਦਾ ਇਲਾਕੇ 'ਚ ਕੋਈ ਵਜੂਦ ਨਹੀਂ ਹੈ ।
*** ਕੀ ਕਹਿੰਦੇ ਹਨ ਅਾਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ :-----
ਆਪ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਨੇ ਦੂਲੋਵਾਲ ਵੱਲੋਂ ਲ਼ਗਾਏ ਸਾਰੇ ਦੋਸ਼ਾਂ ਨੂੰ ਮੁੱਢੋ ਖਾਰਜ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦਾ ਇੱਕ ਵੀ ਕੇਸ ਸਾਬਿਤ ਕਰ ਦੇਣ ਤਾਂ ਮੈ ਸਿਆਸਤ ਛੱਡ ਦਿਆਂਗਾ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਲਕੇ 'ਚ ਵੱਧ ਰਹੀ ਪ੍ਰਸਿੱਧੀ ਕਾਰਨ ਹੀ ਬੁਖਲਾਏ ਹੋਏ ਮੇਰੇ ਵਿਰੋਧੀ ਝੂਠੇ ਦੋਸ਼ ਲਗਾ ਰਹੇ ਹਨ । ਉਨ੍ਹਾਂ ਕਿਹਾ ਕਿ ਪੂਰੀ ਇਮਾਨਦਾਰੀ ਨਾਲ ਪੁਲਸ ਅਫਸਰ ਦੀ ਨੌਕਰੀ ਕੀਤੀ ਤੇ ਲੋਕਾਂ ਨੂੰ ਨਿਆਂ ਦਿੱਤਾ ਤੇ ਪਿੰਡ ਦੀ ਜਮੀਨ ਤੇ ਮੇਰਾ ਕੋਈ ਕਬਜਾ ਨਹੀਂ ਹੈ ।
* ਕੀ ਕਹਿੰਦੇ ਹਨ ਅਕਾਲੀ ਦਲ ਦੇ ਉਮੀਦਵਾਰ -
ਇਸ ਸਬੰਧੀ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਮੇਰੇ ਖਿਲਾਫ ਦੋਸ਼ ਸਿਰਫ ਸਿਆਸੀ ਦੂਸ਼ਣਬਾਜੀ ਹਨ ਜੋ ਕਿ ਬਿਲਕੁਲ ਨਿਰਆਧਾਰ ਹਨ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਤੇ ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ । ਪਰ ਝੂਠੀ ਬਿਆਨਬਾਜੀ ਕਰਨਾ ਗਲਤ ਹੈ ।
ਕੈਪਸ਼ਨ -
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਦੂਲੋਵਾਲ , ਨਾਲ ਨਛੱਤਰ ਸਿੰਘ ਚੰਦੀ , ਸੁਖਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ।