ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵੱਲੋਂ ਸੁਨਾਮ ਵਿਖੇ ਰੇਲਵੇ ਲਾਇਨ ਤੇ ਲਾਇਆ ਗਿਆ ਧਰਨਾ।
ਦਲਜੀਤ ਕੌਰ ਭਵਾਨੀਗੜ੍ਹ
ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ, 2021: ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਨੂੰ ਲੈ ਕੇ ਦਿੱਤੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦੇ ਸੱਦੇ ਤਹਿਤ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਦੀ ਅਗਵਾਈ ਹੇਠ ਸੁਨਾਮ ਵਿਖੇ ਰੇਲ ਦੀਆਂ ਪਟੜੀਆਂ 'ਤੇ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਰੇਲਵੇ ਟਰੈਕ 'ਤੇ ਜਥੇਬੰਦੀ ਦੇ ਬਲਾਕ ਸੁਨਾਮ, ਦਿੜ੍ਹਬਾ, ਭਵਾਨੀਗੜ੍ਹ ਅਤੇ ਸੰਗਰੂਰ ਦੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ ਅਤੇ ਪਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਲੇਕਿਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਗੱਡੀ ਚੜਾਉਣ ਦੇ ਕਥਿਤ ਸਾਜਿਸ਼ਘਾੜੇ ਕੇਂਦਰ ਵਜਾਰਤ 'ਚ ਸ਼ਾਮਿਲ ਗ੍ਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਨਹੀਂ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਅਜੇ ਮਿਸ਼ਰਾ ਨੂੰ ਕੇਂਦਰੀ ਵਜਾਰਤ 'ਚੋਂ ਬਰਖ਼ਾਸਤ ਕਰਕੇ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੱਠਧਰਮੀ ਛੱਡਕੇ ਕਾਲੇ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨ ਕਰੀਬ ਇੱਕ ਸਾਲ ਕੀਤੇ ਜਾ ਰਹੇ ਸੰਘਰਸ਼ ਨੂੰ ਖਤਮ ਕਰਕੇ ਆਪਣੇ ਪਰਿਵਾਰਾਂ 'ਚ ਜਾ ਸਕਣ। ਕਿਸਾਨ ਆਗੂਆਂ ਨੇ ਮੁੜ ਦੁਹਰਾਇਆ ਕਿ ਖੇਤੀ ਕਾਨੂੰਨ ਰੱਦ ਹੋਣ ਕਿਸਾਨੀ ਘੋਲ ਨੂੰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਰਾਮਪਾਲ ਸੁਨਾਮ, ਬਹਾਲ ਸਿੰਘ ਢੀਂਡਸਾ, ਅਜੈਬ ਸਿੰਘ ਲੱਖੇਵਾਲ, ਹਰਜੀਤ ਸਿੰਘ ਮਹਿਲਾਂ, ਇੰਦਰਜੀਤ ਸਿੰਘ ਜੋਸ਼, ਮਹਿੰਦਰ ਸਿੰਘ ਨਮੋਲ, ਬਲਜੀਤ ਕੌਰ ਖਡਿਆਲ, ਜਸਵੀਰ ਸਿੰਘ ਮੈਦੇਵਾਸ, ਹਰਪਾਲ ਸਿੰਘ ਪੇਧਨੀ, ਗੋਬਿੰਦਰ ਸਿੰਘ ਮੰਗਵਾਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।