ਜਗਦੀਸ਼ ਥਿੰਦ
ਫਾਜ਼ਿਲਕਾ, 18 ਅਕਤੂਬਰ :
ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ਵਿਚ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਵਲੋਂ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਡੀਐਫਪੀਓ ਡਾ. ਕਵਿਤਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿੰਕੂ ਚਾਵਲਾ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਸੁਖਵਿੰਦਰ ਕੌਰ ਹਾਜਰ ਸਨ। ਇਸ ਮੌਕੇ ਜਿਲ੍ਹਾ ਹਸਪਤਾਲ ਵਿਚ ਅਪਥਾਲਮਿਕ ਅਫਸਰ ਡਾ. ਸੁਮਨ ਗੁਗਲਾਨੀ ਨੇ ਆਏ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਕਰਨ ਬਾਰੇ ਦਸਿਆ।
ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਅੱਖਾਂ ਦੀ ਰੌਸ਼ਨੀ ਨੂੰ ਦਰੁਸਤ ਰੱਖਣ ਲਈ ਕੁੱਝ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੀ ਚੰਗੀ ਸਿਹਤ ਲਈ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰਨ ਦੇ ਨਾਲ ਨਾਲ ਅੱਖਾਂ ਦੀ ਕਸਰਤ ਵੀ ਜ਼ਰੂਰ ਕਰੋ। ਪੜ੍ਹਨ ਵੇਲੇ ਘੱਟ ਰੌਸ਼ਨੀ ਵਿੱਚ ਨਹੀਂ ਪੜ੍ਹਨਾ ਚਾਹੀਦਾ ਅਤੇ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਟੈਲੀਵਿਜਨ ਵੇਖਣ ਸਮੇਂ ਅਤੇ ਕੰਪਿਊਟਰ ਦੀ ਵਰਤੋਂ ਕਰਨ ਵੇਲੇ ਉੱਚਤ ਦੂਰੀ ਤੇ ਰੌਸ਼ਨੀ ਦਾ ਧਿਆਨ ਰੱਖਿਆ ਜਾਵੇ। ਅਪਥਾਲਮਿਕ ਅਫਸਰ ਡਾ. ਸੁਮਨ ਗੁਗਲਾਨੀ ਨੇ ਦੱਸਿਆ ਕਿ ਜੇਕਰ ਅੱਖਾਂ ਵਿੱਚ ਕੁੱਝ ਪੈ ਜਾਵੇ ਜਾਂ ਅੱਖਾਂ ਮੱਚਣ ਤਾਂ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ। ਨਜਦੀਕ ਜਾਂ ਦੂਰ ਦੀ ਵਸਤੂ ਸਹੀ ਨਾ ਦਿੱਸਣ ਤੇ ਡਾਕਟਰ ਕੋਲੋਂ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਜਰੂਰ ਕਰਵਾਓ । ਕਾਲਾ ਮੋਤੀਆ ਜਾਂ ਮੋਤੀਆਬਿੰਦ ਅੱਖਾਂ ਦੀ ਰੌਸ਼ਨੀ ਖੱਤਮ ਕਰ ਦਿੰਦਾ ਹੈ, ਇਸ ਲਈ ਅੱਖਾਂ ਦੀ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਉਣ ਵਿੱਚ ਅਣਗਿਹਲੀ ਨਹੀਂ ਵਰਤਣੀ ਚਾਹੀਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਸਟੈਨੋ ਰੋਹਿਤ ਕੁਮਾਰ ਤੇ ਹੋਰ ਸਟਾਫ ਹਾਜਰ ਸੀ।