ਲੰਮੀ ਜਾਂਚ ਤੋਂ ਬਾਅਦ ਚਾਰ ਨਗਰ ਕੌਂਸਲ ਜੈਤੋ ਦੇ ਕਰਮਚਾਰੀ ਚੜ੍ਹੇ ਵਿਜੀਲੈਂਸ ਬਿਊਰੋ ਅੜਿੱਕੇ
ਮਨਜੀਤ ਸਿੰਘ ਢੱਲਾ
- ਮਾਮਲਾ ਦਰਜ ਹੋਣ ਉਪਰੰਤ ਵਿਜੀਲੈਂਸ ਨੇ ਕੀਤੇ ਗਿਰਫ਼ਤਾਰ
ਜੈਤੋ, 19 ਅਕਤੂਬਰ 2021 - ਡੀਐੱਸਪੀ ਵਿਜੀਲੈਂਸ ਬਿਊਰੋ ਫਰੀਦਕੋਟ ਨੇ ਅੱਜ ਇੱਕ ਪ੍ਰੇਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਤੋ ਦੇ ਵਸਨੀਕ ਲਾਜਪਤ ਰਾਏ ਗਰਗ ਵਲੋਂ ਇੱਕ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਨੂੰ ਮਿਤੀ 7/8/2020 ਨੂੰ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕੋਈ ਵੱਡਾ ਘਪਲਾ ਕਰਨ ਉਪਰੰਤ ਨਗਰ ਕੌਂਸਲ ਜੈਤੋ ਦਾ ਰਿਕਾਰਡ ਇਸ ਘਪਲੇ ਨੂੰ ਲੁਕਾਉਣ ਦੀ ਖਾਤਰ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਸ ਰਿਕਾਰਡ ਨੂੰ ਜਾਣ ਬੁੱਝ ਕੇ ਖੁਰਦ ਬੁਰਦ ਕਰ ਦਿੱਤੇ ਜਾਣ ਦੀ ਕੀਤੀ ਗਈ ਸੀ।
ਇਸ ਸ਼ਕਾਇਤ ਤੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਸ੍ਰੀ ਗੋਤਮ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਰਾਜ ਕੁਮਾਰ ਸਾਮਾ ਉਪ-ਕਪਤਾਨ ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਵਲੋਂ ਲਗਭਗ ਇਕ ਸਾਲ ਤੋਂ ਉਪਰ ਜਾਂਚ ਕਰਨ ਤੋਂ ਬਾਅਦ ਸ਼ਕਾਇਤ ਕਰਤਾ ਵਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਜੈਤੋ ਦੇ ਕਰਮਚਾਰੀਆਂ ਤੇ ਧਾਰਾ/ 13 (1) ਏ 1988/ ਐਕਟ 2018 ,409/120-B ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਨਗਰ ਕੌਂਸਲ ਜੈਤੋ ਵਿੱਚ ਛਾਪਾਮਾਰੀ ਕਰਕੇ ਚਾਰ ਕਰਮਚਾਰੀਆਂ ਕਲੱਰਕ ਦਵਿੰਦਰ ਕੁਮਾਰ,ਰਾਮ ਚੰਦ, ਰਮੇਸ਼ ਕੁਮਾਰ, ਗੁਰਿੰਦਰ ਪਾਲ ਸਿੰਘ ਨੂੰ ਅੱਜ ਵਿਜੀਲੈਂਸ ਬਿਊਰੋ ਫਰੀਦਕੋਟ ਵਲੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਫਰੀਦਕੋਟ ਵਲੋਂ ਕਥਿਤ ਦੋਸ਼ੀਆਂ ਦੇ ਰਿਮਾਂਡ ਹਾਸਲ ਕਰਨ ਦੌਰਾਨ ਕਈ ਹੋਰ ਅਧਿਕਾਰੀਆਂ/ ਕਰਮਚਾਰੀਆਂ ਤੇ ਗਾਜ ਡਿਗਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ।