ਡੇਂਗੂ ਦੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਤੁਰੰਤ ਪੁਖਤਾ ਪ੍ਰਬੰਧ ਕਰੇ ਪੰਜਾਬ ਸਰਕਾਰ:- ਸਤਨਾਮ ਸਿੰਘ ਜਲਵਾਹਾ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 20 ਅਕਤੂਬਰ 2021- ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਡੇਂਗੂ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਅਤੇ ਸੈਂਕੜੇ ਲੋਕਾਂ ਨੂੰ ਡੇਂਗੂ ਦੀ ਭਿਆਨਕ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੂੰ ਤੁਰੰਤ ਡੇਂਗੂ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ ਦੀ ਲੋੜ ਹੈ।ਪਰ ਪੰਜਾਬ ਦੀ ਚੰਨੀ ਸਰਕਾਰ ਆਪਣੇ ਮੰਤਰੀਆਂ ਦੇ ਨਿੱਜੀ ਫਸਾਦਾਂ ਵਿੱਚ ਉਲਝੀ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਲਵਾਰਿਸ ਹੀ ਛੱਡਿਆ ਹੋਇਆ ਹੈ। ਪੰਜਾਬ ਵਿੱਚ 2017 ਵਿੱਚ ਸੱਤਾ ਤੇ ਕਾਬਜ਼ ਹੋਈ ਕੈਪਟਨ ਸਰਕਾਰ ਨੇ ਲੋਕਾਂ ਨੂੰ ਗੁੰਮਰਾਹਕੁੰਨ ਏਜੰਡੇ ਤਹਿਤ ਅਤੇ ਕੋਰਾ ਝੂਠ ਬੋਲਕੇ ਤੇ ਗੁਟਕਾ ਸਾਹਿਬ ਜੀ ਦੀਆਂ ਝੂਠੀਆਂ ਸੌਹਾਂ ਖਾਕੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਵਾਅਦਾ ਅਜੇ ਤੱਕ 100% ਪੂਰਾ ਨਹੀਂ ਕੀਤਾ ਗਿਆ ਸਗੋਂ ਲੋਕਾਂ ਦੀਆਂ ਅੱਖਾਂ ਵਿੱਚ ਹਰ ਰੋਜ਼ ਘੱਟਾ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਨੂੰ ਸ ਚਰਨਜੀਤ ਸਿੰਘ ਚੰਨੀ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੁਝ ਸਮੇਂ ਲਈ ਇਕ ਆਸ ਬੱਝੀ ਸੀ ਕਿ ਹੁਣ ਇਹ ਨਵਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦਾ ਭਲਾ ਕਰੇਗਾ ਪਰ ਉਸਨੇ ਆਉਂਦੇ ਸਾਰ ਅੱਧੇ ਪੰਜਾਬ ਨੂੰ ਬੀਜੇਪੀ ਕੋਲ਼ ਹੀ ਵੇਚ ਦਿੱਤਾ,ਜਿਸ ਦਾ ਬਹੁਤ ਵੱਡਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਆਮ ਲੋਕਾਂ ਨੂੰ ਭੁਗਤਣਾ ਪਵੇਗਾ। ਸਿਹਤ ਸਹੂਲਤਾਂ ਵੱਲ ਪੰਜਾਬ ਸਰਕਾਰ ਵੱਲੋਂ ਰੱਤੀ ਭਰ ਵੀ ਧਿਆਨ ਨਾ ਦੇਣ ਕਾਰਨ ਕਰੋਨਾ ਕਾਲ ਦੌਰਾਨ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ।
ਇਨ੍ਹਾਂ ਘਟੀਆ ਸਿਹਤ ਪ੍ਰਬੰਧਾਂ ਦੀ ਬਦੌਲਤ ਪੰਜਾਬ ਵਿੱਚ ਡੇਂਗੂ ਦੀ ਭਿਆਨਕ ਬਿਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਡੇਂਗੂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਇਸ ਭਿਆਨਕ ਬਿਮਾਰੀ ਨਾਲ ਪੰਜਾਬ ਦੇ ਸੈਂਕੜੇ ਲੋਕ ਸਰਕਾਰ ਦੀ ਮਾੜੀ ਤੇ ਘਟੀਆ ਕਾਰਗੁਜਾਰੀ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ,ਜਿਸਦੀ ਜੁੰਮੇਵਾਰ ਸਿੱਧੇ ਤੌਰ ਉਤੇ ਪੰਜਾਬ ਸਰਕਾਰ ਹੋਵੇਗੀ। ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਡੇਂਗੂ ਦੀ ਖਤਰਨਾਕ ਬਿਮਾਰੀ ਦੀ ਰੋਕਥਾਮ ਲਈ ਜਲਦ ਤੋਂ ਜਲਦ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਕੀਮਤੀ ਜਾਂਨਾਂ ਬਚਾਈਆਂ ਜਾ ਸਕਣ।
ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜੋ ਸਰਕਾਰੀ ਹਸਪਤਾਲ ਦੇ ਵੈਟੀਂਲੇਟਰਾਂ ਨੂੰ ਮਿਲੀਭੁਗਤ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਦੇਕੇ ਲੋਕਾਂ ਤੋਂ ਲੱਖਾਂ ਰੁਪਏ ਲੁੱਟੇ ਜਾ ਰਹੇ ਸਨ, ਤਾਂ ਉਨ੍ਹਾਂ ਵੈਂਟੀਲੇਟਰਾਂ ਦਾ ਮੁੱਦਾ ਵੀ ਜਲਵਾਹਾ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ ਜਿਸ ਦੀ ਬਦੌਲਤ ਹੁਣ ਤੱਕ ਉਨਾਂ ਵੈਂਟੀਲੇਟਰਾਂ ਨਾਲ ਅਨੇਕਾਂ ਲੋਕਾਂ ਨੂੰ ਫਰੀ ਇਲਾਜ ਵੀ ਮਿਲਿਆ ਅਤੇ ਸੈਂਕੜੇ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਜਾ ਚੁੱਕੀਆ ਹਨ। ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਜ਼ਲਦ ਢੁਕਵੇਂ ਕਦਮ ਚੁੱਕੇ ਜਾਣ,ਇਸ ਲਈ ਉਨ੍ਹਾਂ ਦੀ ਟੀਮ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜ਼ਲਦ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਦਿੱਲੀ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਤੇ ਡੇਂਗੂ ਦੇ ਖਾਤਮੇ ਲਈ ਜ਼ੋ ਹਰ ਹਫ਼ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ, ਉਸੇ ਤਰ੍ਹਾਂ ਪੰਜਾਬ ਦੀ ਚੰਨੀ ਸਰਕਾਰ ਨੂੰ ਵੀ ਕੇਜਰੀਵਾਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ।