ਸ਼ਹਿਰ ਵਿਚ ਅਪਰਾਧੀ ਤੱਤਾਂ ਨੂੰ ਕਰਾਂਗੇ ਸਲਾਖਾਂ ਪਿੱਛੇ : ਐਸਐਸਪੀ
ਬਾਬੂਸ਼ਾਹੀ ਨੈਟਵਰਕ ਦੀ ਟੀਮ ਨੇ ਕੀਤਾ ਐਸਐਸਪੀ ਸੰਧੂ ਨਾਲ ਇੰਟਰਵਿਊ
ਦੀਪਕ ਜੈਨ, ਬਾਬੂਸ਼ਾਹੀ ਨੈੱਟਵਰਕ
ਜਗਰਾਉਂ 20 ਅਕਤੂਬਰ 2021- ਲੁਧਿਆਣਾ ਦਿਹਾਤੀ ਦੇ ਨਵੇਂ ਐਸਐਸਪੀ ਰਾਜਬਚਨ ਸਿੰਘ ਸੰਧੂ ਨਾਲ ਅੱਜ ਬਾਬੂਸ਼ਾਹੀ ਨੈੱਟਵਰਕ ਦੀ ਟੀਮ ਵੱਲੋਂ ਇੰਟਰਵਿਊ ਕੀਤਾ ਗਿਆ । ਜਿਸ ਵਿਚ ਸ਼ਹਿਰ ਜਗਰਾਉਂ ਨਾਲ ਸੰਬੰਧਿਤ ਵਿਸ਼ਿਆਂ ‘ਤੇ ਸਵਾਲ ਜਵਾਬ ਹੋਏ। ਸ਼ਹਿਰ ਵਿਚ ਸਭ ਤੋਂ ਵੱਡੀ ਸਮੱਸਿਆ ਚੋਰੀ ਅਤੇ ਲੁੱਟਖੋਹ ਨੂੰ ਨੱਥ ਪਾਉਣ ਦੇ ਸਵਾਲ ਉੱਪਰ ਐਸਐਸਪੀ ਨੇ ਕਿਹਾ ਕਿ ਉਹ ਇਹੋ ਜਿਹੇ ਗਲਤ ਅਨਸਰਾਂ ਨੂੰ ਕਾਬੂ ਪਾਉਣਾ ਜਾਣਦੇ ਹਨ ਅਤੇ ਕੁਝ ਦਿਨਾਂ ਵਿਚ ਹੀ ਸ਼ਹਿਰ ਵਿਚੋਂ ਲੁਟੇਰਿਆਂ ਅਤੇ ਚੋਰਾਂ ਨੂੰ ਫੜਕੇ ਜੇਲ ਦੀਆਂ ਸਲਾਖਾਂ ਪਿੱਛੇ ਲਿਆਂਦਾ ਜਾਵੇਗਾ।
ਬਾਬੂਸ਼ਾਹੀ ਨੈੱਟਵਰਕ ਦੀ ਟੀਮ ਵੱਲੋਂ ਐਸਐਸਪੀ ਸੰਧੂ ਨਾਲ ਨਸ਼ਿਆਂ ਨੂੰ ਠੱਲ ਪਾਉਣ ਬਾਰੇ ਕਾਫੀ ਤਿੱਖੇ ਸਵਾਲ ਕੀਤੇ ਅਤੇ ਐਸਐਸਪੀ ਰਾਜਬਚਨ ਸੰਧੂ ਨੇ ਕਿਹਾ ਕਿ ਅਜਿਹੇ ਕੰਮ ਪੁਰਾਣੇ ਕ੍ਰਿਮੀਨਲ ਹੀ ਕਰਦੇ ਹਨ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿਚ ਪੁਰਾਣੇ ਕਰਾਈਮ ਰਜਿਸਟਰ ਵੇਖੇ ਜਾਣਗੇ ਅਤੇ ਉਨ੍ਹਾਂ ਦੇ ਆਧਾਰ ‘ਤੇ ਹੀ ਨਸ਼ਾਂ ਤਸਕਰਾਂ ਨੂੰ ਨੱਥ ਪਾਈ ਜਾਵੇਗੀ। ਬਾਬੂਸ਼ਾਹੀ ਨੈੱਟਵਰਕ ਦੀ ਟੀਮ ਵੱਲੋਂ ਉਨ੍ਹਾਂ ਨੂੰ ਦੱਸਿਆਂ ਕਿ ਸ਼ਹਿਰ ਵਿਚ ਇਹ ਲੋਕਚਰਚਾ ਹੁੰਦੀ ਹੈ ਕਿ ਜਦੋਂ ਵੀ ਕੋਈ ਲੁਟੇਰਾ ਜਾਂ ਨਸ਼ਾ ਤਸਕਰ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾਂ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਸਵਾਲ ਦਾ ਜਵਾਬ ਦਿੰਦਿਆਂ ਐਸਐਸਪੀ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹੇ ਗੰਭੀਰ ਅਪਰਾਧੀਆਂ ਨੂੰ ਪੁਲਿਸ ਵਲੋਂ ਛੱਡਿਆਂ ਜਾਂਦਾ ਹੈ ਪਰ ਮੈਂ ਆਪਣੀ ਡਿਊਟੀ ਵਿਚ ਅਜਿਹਾ ਕੁਝ ਵੀ ਬਰਦਾਸ਼ਤ ਨਹੀਂ ਕਰਾਂਗਾ।
ਐਸਐਸਪੀ ਰਾਜਬਚਨ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਅੱਜ ਤੋਂ ਹੀ ਪੀਸੀਆਰ ਦਸਤਿਆਂ ਨੂੰ ਉਨ੍ਹਾ ਦੇ ਏਰੀਏ ਵੰਡ ਦਿੱਤੇ ਗਏ ਹਨ ਅਤੇ ਦਿਨ ਰਾਤ ਪੀਸੀਆਰ ਦਸਤੇ ਪੂਰੇ ਸ਼ਹਿਰ ਅਤੇ ਆਸਪਾਸ ਗਸ਼ਤ ਕਰਨਗੇ ਅਤੇ ਗਲਤ ਅਨਸਰਾਂ ਨੂੰ ਮੌਕੇ 'ਤੇ ਹੀ ਫੜਕੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪੂਰੇ ਲੁਧਿਆਣਾ ਦਿਹਾਤੀ ਵਿਚ ਹੀ ਪੀਸੀਆਂਰ ਦਸਤੇ ਆਪਣੀ ਡਿਊਟੀ ਨਿਭਾਉਣਗੇ। ਥੌੜੇ ਸਮੇਂ ਬਾਅਦ ਹੀ ਥਾਣਾ ਸਿਟੀ ਦਾ ਐਸਐਚਓ ਦੀਆਂ ਹੋ ਰਹੀਆਂ ਬਦਲੀਆਂ ਬਾਰੇ ਪੁੱਛੇ ਗਏ ਸਵਾਲ ‘ਤੇ ਐਸਐਸਪੀ ਰਾਜਬਚਨ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਜਾਨਾ ਹੀ ਸਾਰੇ ਅਧਿਕਾਰੀਆਂ ਨਾਲ ਵੈਬ ਮੀਟਿੰਗ ਕੀਤੀ ਜਾਂਦੀ ਹੈ ਅਤੇ ਉਹ ਸਾਰਿਆ ਨੂੰ ਚੈਕ ਕਰਕੇ ਹੀ ਉਨ੍ਹਾਂ ਦੀ ਪੋਸਟਿੰਗ ਥਾਣੇ ਅਨੁਸਾਰ ਕਰਨਗੇ ਅਤੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਆਪਣੀ ਪੋਸਟਿੰਗ ਵਾਲੀ ਥਾਂ ‘ਤੇ ਸਹੀ ਕੰਮ ਕਰ ਰਿਹਾ ਹੈ ਤਾਂ ਉਸਨੂੰ ਨਹੀਂ ਬਦਲਿਆ ਜਾਵੇਗਾ।