ਨਿਊਜ਼ੀਲੈਂਡ ’ਚ ਕੱਲ੍ਹ ਪਹਿਲੀ ਵਾਰ ਮਾਓਰੀ ਮੂਲ ਦੀ ਮਹਿਲਾ ਡੇਮ ਸਿੰਡੀ ਕਿਰੋ ਬਣੇਗੀ ਗਵਰਨਰ ਜਨਰਲ
ਕੱਲ੍ਹ 10 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
ਹਰਜਿੰਦਰ ਸਿੰਘ ਬਸਿਆਲਾ,ਬਾਬੂਸ਼ਾਹੀ ਨੈੱਟਵਰਕ
ਆਕਲੈਂਡ, 20 ਅਕਤੂਬਰ, 2021:- ਨਿਊਜ਼ੀਲੈਂਡ ਦੀ ਮੌਜੂਦਾ ਗਵਰਨਰ ਜਨਰਲ ਡੇਮ ਪੈਟਸੇ ਰੈਡੀ ਨੇ 28 ਸਤੰਬਰ ਨੂੰ ਆਪਣਾ ਪੰਜ ਸਾਲ ਦਾ ਕਾਰਜ ਪੂਰਾ ਕਰ ਲਿਆ ਹੈ ਅਤੇ ਵਿਦਾਇਗੀ ਪਾਰਟੀ ਵੀ ਲੈ ਲਈ ਹੈ। ਅਗਾਊਂ ਤਿਆਰੀਆਂ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਮਈ ਮਹੀਨੇ ਨਵੀਂ ਗਵਰਨਰ ਜਨਰਲ ਡੇਮ ਸਿੰਡੀ ਕਿਰੋ ਦੇ ਨਾਂਅ ਦਾ ਐਲਾਨ ਕਰ ਦਿੱਤਾ ਸੀ। ਕੱਲ੍ਹ 10 ਵਜੇ ਮਾਓਰੀ ਮੂਲ ਦੀ ਇਹ ਪਹਿਲੀ ਮਹਿਲਾ ਗਵਰਨਰ ਜਨਰਲ ਬਨਣ ਜਾ ਰਹੀ ਹੈ।
ਰਾਜਾਸ਼ਾਹੀ ਦਾ ਇਕ ਉਚ ਪੱਧਰੀ ਸਨਮਾਨ ‘ਕਨਾਈਟ ਜਾਂ ਡੇਮ ਕੰਪੇਨਨ’ ਜਦੋਂ ਮਿਲਦਾ ਹੈ ਤਾਂ ਨਾਂਅ ਮੂਹਰੇ ਡੇਮ ਲਗਾ ਦਿੱਤਾ ਜਾਂਦਾ ਹੈ। ਸਿੰਡੀ ਕਿਰੋ ਨੂੰ ਇਹ ਸਨਮਾਨ ਮਿਲ ਚੁੱਕਾ ਹੈ। ਕੱਲ੍ਹ ਸਿੰਡੀ ਕਿਰੋ ਨੇ ਦੇਸ਼ ਦੀ ਰਾਣੀ ਏਲਿਜ਼ਾਬੇਥ ਦੇ ਨਾਲ ਵੀਡੀਓ ਕਾਲਿੰਗ ਰਾਹੀਂ ਰਸਮੀ ਗੱਲਬਾਤ ਕੀਤੀ ਅਤੇ ਅਗਲੇ ਪੰਜ ਸਾਲਾਂ ਦੇ ਲਈ ਉਨ੍ਹਾਂ ਦੀ ਅਗਵਾਈ ਕਰਨ ਲਈ ਭਰੋਸਾ ਵੀ ਜਿੱਤ ਲਿਆ। ਲਗਪਗ ਇਕ ਪਾਸੇ ਦਿਨ ਅਤੇ ਦੂਜੇ ਪਾਸੇ ਰਾਤ ਹੋਣ ਕਰਕੇ ਇਕ ਪਾਸੇ ਤੋਂ ਨਿਊਜ਼ੀਲੈਂਡ ਤੋਂ ਗੁੱਡ ਮਾਰਨਿੰਗ ਹੋਈ ਅਤੇ ਇੰਗਲੈਂਡ ਤੋਂ ਗੁੱਡ ਈਵਨਿੰਗ। ਬਹੁਤ ਹੀ ਗਰੀਬ ਪਰਿਵਾਰ ਦੇ ਵਿਚੋਂ ਉਚ ਸਿੱਖਿਆ ਪ੍ਰਾਪਤ ਇਸ ਮਹਿਨਾ ਨੇ ਮਨੋ-ਮਨ ਇਹ ਜ਼ਰੂਰ ਕਿਹਾ ਹੋਵੇਗਾ ਕਿ ਉਹ ਹੁਣ ਆਪਣੀ ਜੀਵਨ ਕਹਾਣੀ ਦੇ ਵਿਚ ਇਕ ਸੁਨਹਿਰੀ ਪੰਨਾ ਹੋਰ ਜੋੜ ਕੇ ਚਿਰ ਸਥਾਈ ਇਤਿਹਾਸ ਲਿਖੇਗੀ।
ਜੀਵਨ ਵੇਰਵਾ: ਬਹੁਤ ਹੀ ਗਰੀਬ ਪਰਿਵਾਰ ਦੇ ਵਿਚ ਇਸਦਾ ਜਨਮ 1958 ਦੇ ਵਿਚ ਹੋਇਆ ਅਤੇ ਮਾਪਿਆਂ ਦੇ 6 ਬੱਚਿਆਂ ਵਿਚੋਂ ਇਹ ਵੱਡੀ ਹੈ। ਇਸਨੇ ਉਚ ਸਤਰ ਦੀ ਪੜ੍ਹਾਈ ਕੀਤੀ ਹੋਈ ਹੈ। ਉਹ ਪੀ. ਐਚ. ਡੀ. ਅਤੇ ਐਮ. ਬੀ.ਏ ਇਨ ਬਿਜਨਸ ਐਡਮਨਿਸਟਰੇਸ਼ਨ ਹੈ। ਉਹ ਅਧਿਆਪਨ ਕਿੱਤੇ ਨਾਲ ਸਬੰਧਿਤ ਰਹੀ ਹੈ। 1995 ਤੋਂ 2000 ਤੱਕ ਮੈਸੀ ਯੂਨੀਵਰਸਿਟੀ ਸੀਨੀਅਰ ਲੈਕਚਰਾਰ (ਸ਼ੋਸ਼ਲ) ਵਜੋਂ ਪੜ੍ਹਾਇਆ। ਉਸਨੇ ਸੋਸ਼ਲ ਵਰਕਰ ਵਜੋਂ ਵੀ ਡਿਗਰੀ ਹਾਸਿਲ ਕੀਤੀ ਹੋਈ ਹੈ। 2003 ਤੋਂ 2008 ਤੱਕ ਉਹ ‘ਚਿਲਡਰਨ ਕਮਿਸ਼ਨਰ’ ਰਹੀ।
ਯੂਨੀਵਰਸਿਟੀ ਆਫ ਔਕਲੈਂਡ ਦੇ ਵਿਚ ਉਹ ਪ੍ਰੋ ਵਾਈਸ ਚਾਂਸਲਰ ਮਾਓਰੀ ਰਹੀ ਹੈ ਅਤੇ ਇਸ ਵੇਲੇ ਰਾਇਲ ਸੁਸਾਇਟੀ ਟੀ ਅਪਾਰਾਂਗੀ ਦੀ ਚੀਫ ਐਗਜ਼ੀਕਿਊਟਿਵ ਹੈ। ਉਚ ਪੜ੍ਹਾਈ ਇਸ ਮਹਿਲਾ ਨੂੰ ਗੁਰਬਤ ਤੋਂ ਗਵਰਨਰ ਜਨਰਲ ਤੱਕ ਲੈ ਗਈ ਹੈ, ਜੋ ਕਿ ਇਕ ਉਦਾਹਰਣ ਹੈ। ਡੈਮ ਸਿੰਡੀ ਕਿਰੋ ਡਾ. ਰਿਚਰਡ ਡੇਵਿਸ ਦੇ ਨਾਲ ਵਿਆਹੀ ਹੋਈ ਹੈ ਅਤੇ ਇਸਦੇ ਚਾਰ ਬੇਟੇ ਹਨ। ਡੇਮ ਸਿੰਡੀ ਕੱਲ੍ਹ 21 ਅਕਤੂਬਰ ਨੂੰ ਦੇਸ਼ ਦੀ 22ਵੀਂ ਗਵਰਨਰ ਜਨਰਲ ਬਣ ਜਾਵੇਗੀ ਅਤੋ 1840 ਤੋਂ ਚੱਲੇ ਆ ਰਹੇ ਗਵਰਨਰ ਕਾਰਜ ਕਾਲ ਦੇ ਵਿਚ ਚੌਥੀ ਮਹਿਲਾ ਹੋਵੇਗੀ। ਉਸਨੇਪਿਛਲੇ ਭਾਸ਼ਣ ਦੀ ਸ਼ੁਰੂਆਤ ਮਾਓਰੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਨਾਲ ਹਿੰਦੀ ਦੇ ਵਿਚ ਨਮਸਕਾਰ ਕਹਿ ਕੇ ਕੀਤੀ ਸੀ। ਗਵਰਨਰ ਜਨਰਲ ਦਾ ਕੰਮ ਦੇਸ਼ ਦੀ ਰਾਣੀ ਦੀ ਪ੍ਰਤੀਨਿਧਤਾ ਕਰਨਾ ਹੁੰਦਾ ਹੈ। ਗਵਰਨਰ ਜਨਰਲ ਦੀ ਸਲਾਨਾ ਤਨਖਾਹ 3 ਲੱਖ, 71 ਹਜ਼ਾਰ 900 ਡਾਲਰ ਪ੍ਰਤੀ ਸਾਲ ਹੁੰਦੀ ਹੈ ਤੇ ਕੁਝ ਹੋਰ ਭੱਤੇ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ 2006 ਤੋਂ 2011 ਤੱਕ ਭਾਰਤੀ ਮੂਲ ਦੇ ਸਰ ਅਨੰਦ ਸੱਤਿਆਨੰਦ ਵੀ 19ਵੇਂ ਗਵਰਨਰ ਜਨਰਲ ਰਹਿ ਚੁੱਕੇ ਹਨ। ਵਿਗਿਆਨ ਭਵਨ ਦੇ ਵਿਚ ਸੰਨ 2011 ਦੇ ਵਿਚ ਉਨ੍ਹਾਂ ਨੂੰ ਨੌਵੇਂ ਪ੍ਰਵਾਸੀ ਭਾਰਤੀ ਸੰਮੇਲਨ ਮੌਕੇ ਪ੍ਰਵਾਸੀ ਭਾਰਤੀਆ ਸਨਮਾਨ ਵੀ ਦਿੱਤਾ ਗਿਆ ਸੀ।