ਸ਼ਹੀਦ ਜਸਵਿੰਦਰ ਸਿੰਘ ਦੀ ਕੁਰਬਾਨੀ ਭਵਿੱਖੀ ਨਸਲਾਂ ਨੂੰ ਦੇਸ਼ ਸੇਵਾ ਲਈ ਪ੍ਰੇਰਦੀ ਰਹੇਗੀ- ਰਾਣਾ ਗੁਰਜੀਤ ਸਿੰਘ
ਪਿੰਡ ਮਾਨਾ ਤਲਵੰਡੀ ਵਿਖੇ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਸ਼ਹੀਦ ਦੇ ਨਮਿਤ ਭੋਗ ਵਿਚ ਹਾਜ਼ਰੀ ਭਰੀ
ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈਕ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ- ਭੁਲੱਥ, 20 ਅਕਤੂਬਰ 2021- ਜੰਮੂ ਕਸ਼ਮੀਰ ਵਿਖੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਪਿੰਡ ਮਾਨਾ ਤਲਵੰਡੀ ਵਿਖੇ ਹੋਈ, ਜਿਸ ਵਿਚ ਜਿੱਥੇ ਸਮਾਜ ਦੇ ਹਰ ਵਰਗ ਦੇ ਹਜ਼ਾਰਾਂ ਲੋਕਾਂ ਵਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਤਰਫੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਹੁੰਚਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸ਼ਹੀਦ ਜਸਵਿੰਦਰ ਸਿੰਘ ਦੇ ਭੋਗ ਉਪਰੰਤ ਨੇੜੇ ਇਕ ਸਟੇਡੀਅਮ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਭੂਮੀ ਰੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ‘ਸ਼ਹੀਦ ਜਸਵਿੰਦਰ ਸਿੰਘ ਦਾ ਸਾਰਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ’। ਉਨ੍ਹਾਂ ਕਿਹਾ ਕਿ ਸ਼ਹੀਦ ਸਾਡੀ ਕੌਮੀਅਤ ਦਾ ਸਰਮਾਇਆ ਹਨ, ਜਿਨ੍ਹਾਂ ਦੀਆਂ ਸ਼ਹਾਦਤਾਂ ਨਾਲ ਹੀ ਅਸੀਂ ਚੈਨ ਦੀ ਨੀਂਦ ਸੌਂ ਸਕਦੇ ਹਾਂ।
ਪੰਜਾਬੀਆਂ ਵਲੋਂ ਪਹਿਲਾਂ ਆਜਾਦੀ ਦੀ ਲੜਾਈ ਤੇ ਫਿਰ ਪਾਕਿਸਤਾਨ ਨਾਲ ਜੰਗਾਂ ਤੇ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਨੂੰ ਯਾਦ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਪਣੇ ਮੁਲਕ ਦੀ ਰਾਖੀ ਲਈ ਸ਼ਹਾਦਤ ਦੇਣੀ ਪੰਜਾਬੀਆਂ ਨੂੰ ਵਿਰਾਸਤ ਵਿਚ ਮਿਲੀ ਹੈ, ਜਿਸਦੀ ਮਿਸਾਲ ਦੁਨੀਆਂ ਵਿਚ ਕਿਤੇ ਹੋਰ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਸੇਵਾ ਲਈ ਕੁਝ ਕਰ ਗੁਜ਼ਰਣ ਦਾ ਸੁਨੇਹਾ ਦਿੰਦੀ ਰਹੇਗੀ। ਉਨ੍ਹਾਂ ਸ਼ਹੀਦ ਦੀ ਮਾਤਾ, ਪਤਨੀ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ਼ ਵੀ ਦਿਵਾਇਆ।
ਉੁਨ੍ਹਾਂ ਪੰਜਾਬ ਸਰਕਾਰ ਦੀ ਤਰਫੋਂ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਲਈ ਐਲਾਨ ਕੀਤੀ 50 ਲੱਖ ਰੁਪੈ ਦੀ ਐਕਸ ਗ੍ਰੇਸ਼ੀਆ ਗਰਾਂਟ ਵਿਚੋਂ 5 ਲੱਖ ਰੁਪੈ ਦਾ ਚੈਕ ਵੀ ਸ਼ਹੀਦ ਦੀ ਪਤਨੀ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਐਕਸਗ੍ਰੇਸ਼ੀਆ ਗਰਾਂਟ ਦੀ ਰਕਮ ਤੇ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਕਾਰਵਾਈ ਜਲਦ ਪੂਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਨਾਲ ਹੀ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਨਾਮ ਉੱਪਰ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਖੇਡ ਸਟੇਡੀਅਮ ਉਸਾਰਨ ਦੀ ਨੀਤੀ ਤਹਿਤ ਪਿੰਡ ਮਾਨਾ ਤਲਵੰਡੀ ਵਿਖੇ ਨਵੀਨਤਮ ਖੇਡ ਸਟੇਡੀਅਮ ਉਸਾਰਨ ਤੇ ਪਿੰਡ ਨੂੰ ਵਿਕਾਸ ਕੰਮਾਂ ਲਈ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਦੇ ਛੱਪੜ ਦੀ ਸਾਫ ਸਫਾਈ ਤੇ ਨਵੀਨੀਕਰਨ ਲਈ ਵੀ ਕੈਬਨਿਟ ਮੰਤਰੀ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਗਈ।
ਇਸ ਮੌਕੇ ਸਾਬਕਾ ਵਿਧਾਇਕ ਸ . ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਐਸ.ਡੀ.ਐਮ. ਡਾ. ਜੈਇੰਦਰ ਸਿੰਘ, ਜਿਲ੍ਹਾ ਸੈਨਿਕ ਭਲਾਈ ਅਫਸਰ ਕਰਨਲ ਦਲਵਿੰਦਰ ਸਿੰਘ, ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ, ਸਮਾਜਿਕ ਆਗੂ ਵੀ ਹਾਜ਼ਰ ਸਨ।