ਮਾਣ ਭੱਤਾ ਵਰਕਰਾਂ, ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਵੇਂ ਦਿਨ ਵੀ ਮੋਰਿੰਡਾ ਵਿਖੇ ਰੋਸ ਮੁਜ਼ਾਹਰਾ
ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਹਰੇਕ ਮੁਹਾਜ਼ 'ਤੇ ਘੇਰਨ ਦੀ ਚਿਤਾਵਨੀ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ, 20 ਅਕਤੂਬਰ 2021-ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਲਾਗੂ ਕਰਵਾਉਣ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਹਿੱਤਾਂ ਅਨੁਸਾਰ ਸੋਧ ਕੇ ਲਾਗੂ ਕਰਵਾਉਣ, ਪਰਖ ਸਮਾਂ ਐਕਟ ਰੱਦ ਕਰਦੇ ਹੋਏ 31-12-2015 ਤੋਂ ਬਾਅਦ ਭਰਤੀ/ਰੈਗੂਲਰ ਹੋਏ ਮੁਲਾਜ਼ਮਾਂ ਨੂੰ ਹੋਰਨਾਂ ਮੁਲਾਜ਼ਮਾਂ ਦੇ ਬਰਾਬਰ ਲਾਭ ਦਿਵਾਉਣ, 1 ਅਪ੍ਰੈਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਹੋੲੇ ਮੁਲਾਜ਼ਮਾਂ 'ਤੇ ਕੇਂਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਸਮੇਤ ਹੋਰ ਮੁਲਾਜ਼ਮ ਮੰਗਾਂ ਸੰਬੰਧੀ 'ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਵੱਲੋਂ ਮੋਰਿੰਡਾ ਬੱਸ ਅੱਡੇ ਦੇ ਨੇੜੇ 16 ਅਕਤੂਬਰ ਤੋਂ ਸ਼ੁਰੂ ਕੀਤੇ 'ਪੱਕੇ ਮੋਰਚੇ' ਦੇ ਪੰਜਵੇਂ ਦਿਨ ਕਨਵੀਨਰ ਠਾਕੁਰ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੱਦੇ ਤੇ ਕੋਨੇ ਕੋਨੇ ਤੋਂ ਪੁੱਜੇ ਸੈਂਕੜੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ, ਸੁਰਿੰਦਰ ਰਾਮ ਕੁੱਸਾ, ਹਰਿੰਦਰ ਦੁਸਾਂਝ, ਅਜੀਤ ਸਿੰਘ ਸੋਢੀ, ਦੇਸ ਰਾਜ ਗਾਂਧੀ, ਮਲਾਗਰ ਸਿੰਘ ਖਮਾਣੋਂ, ਦੇਵ ਰਾਜ ਨਰੂਲਾ, ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਜੈ ਕ੍ਰਿਸ਼ਨ, ਓਮ ਪ੍ਰਕਾਸ਼ ਅਤੇ ਗੁਰਦੇਵ ਸਿੰਘ ਕਿਰਤੀ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਵਿੱਤ ਵਿਭਾਗ ਵੱਲੋਂ ਅਤੇ ਕੈਬਨਿਟ ਵੱਲੋਂ ਪ੍ਰਵਾਨਿਤ ਸਿਫਾਰਸ਼ਾਂ ਤਹਿਤ ਪੈਨਸ਼ਨ ਸੋਧ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ।
ਇਸ ਮੌਕੇ ਭੁਪਿੰਦਰ ਸਿੰਘ ਪੰਜਾਬ ਰੋਡਵੇਜ਼, ਪਰਮਜੀਤ ਕੌਰ ਮਾਨ, ਤਾਰਾ ਸਿੰਘ ਕੋਵਿਡ-19 ਯੂਨੀਅਨ, ਦਰਸ਼ਨ ਸਿੰਘ, ਕੁਲਵੰਤ ਸਿੰਘ ਅਹਿਮਦਗੜ੍ਹ, ਸੁੱਚਾ ਸਿੰਘ ਕਪੂਰਥਲਾ, ਸੱਤਪਾਲ ਭੈਣੀ, ਅਜੈਬ ਸਿੰਘ, ਇੰਦਰਜੀਤ ਸਿੰਘ ਖੀਵਾ, ਰਾਮ ਮੂਰਤੀ, ਕਰਨੈਲ ਸਿੰਘ, ਦਰਬਾਰਾ ਸਿੰਘ, ਪ੍ਰੀਤਮ ਸਿੰਘ, ਰਣਜੀਤ ਸਿੰਘ, ਨਿਰੰਜਣ ਸਿੰਘ ਗਿੱਦੜਬਾਹਾ, ਬਲਦੇਵ ਕ੍ਰਿਸ਼ਨ, ਜਸਵਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਸੰਤੋਖ ਸਿੰਘ ਗਰੇਵਾਲ, ਰਜਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲਾਂ ਕੈਪਟਨ ਅਤੇ ਹੁਣ ਚੰਨੀ ਸਰਕਾਰ ਵਲੋਂ ਸਾਲ 1991 ਵਿੱਚ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਇਸ਼ਾਰੇ 'ਤੇ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਰਾਹੀਂ ਲਿਆਂਦੀਆਂ ਨਿੱਜੀਕਰਨ ਪੱਖੀ ਨੀਤੀਆਂ ਨੂੰ ਜਾਰੀ ਰੱਖਣ ਲਈ ਹੀ ਬਜ਼ਿੱਦ ਹਨ। ਸਗੋਂ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਧੱਕੇਸ਼ਾਹੀ ਦਾ ਸਾਹਮਣਾ ਪਟਿਆਲੇ ਵਿੱਚ ਕਰਨਾ ਪੈਂਦਾ ਸੀ, ਹੁਣ ਉਸ ਦਾ ਸਾਹਮਣਾ ਮੁੱਖ ਮੰਤਰੀ ਚੰਨੀ ਦੀ ਮੋਰਿੰਡਾ ਰਿਹਾਇਸ਼ ਅੱਗੇ ਕਰਨਾ ਪੈ ਰਿਹਾ ਹੈ। ਲੋਕਾਂ ਦੇ ਬੁਨਿਆਦੀ ਮਸਲੇ, ਜਿਨ੍ਹਾਂ ਵਿਚ ਘਰ-ਘਰ ਰੁਜ਼ਗਾਰ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਤਨਖਾਹ ਕਮਿਸ਼ਨ ਮੁਲਾਜ਼ਮ ਹਿਤਾਂ ਅਨੁਸਾਰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ ਆਦਿ ਦਾ ਯੋਗ ਨਿਬੇੜਾ ਕਰਨ ਦੀ ਥਾਂ ਕੇਵਲ ਸਮਾਂ ਟਪਾਇਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਪੰਜਾਬ ਨਾਲ 21 ਅਕਤੂਬਰ ਨੂੰ ਤੈਅਸ਼ੁਦਾ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਅੱਜ ਦੇ ਇਕੱਠ ਨੂੰ ਮੁਕੇਸ਼ ਗੁਜਰਾਤੀ, ਅਤਿੰਦਰਪਾਲ ਘੱਗਾ, ਹਰਜਿੰਦਰ ਸਿੰਘ ਗੁਰਦਾਸਪੁਰ, ਪਵਨ ਮੁਕਤਸਰ, ਮਹਿੰਦਰ ਸਿੰਘ ਕੌੜਿਆਂਵਾਲੀ, ਬਲਬੀਰ ਸਿੰਘ ਸਿਵੀਆਂ, ਪਰਵੀਨ ਸ਼ਰਮਾਂ ਅਤੇ ਸੰਜੂ ਸਿੰਘ ਮੂਣਕ ਨੇ ਵੀ ਸੰਬੋਧਨ ਕੀਤਾ।