ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਖਿਲਾਫ਼ ਗੁੰਮਰਾਹਕਰੂ ਪ੍ਰਚਾਰ ਦੀ ਨਿੰਦਾ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 21 ਅਕਤੂਬਰ, 2021: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਸਾਨ ਸੰਘਰਸ਼ ਦੇ ਦੋਖੀ ਇੱਕ ਵਿਅਕਤੀ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਖ਼ਿਲਾਫ਼ ਤੁਅੱਸਬੀ ਇਲਜ਼ਾਮਬਾਜ਼ੀ ਵਾਲੇ ਗੁੰਮਰਾਹਕਰੂ ਪ੍ਰਚਾਰ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਸਵਰਾਜਬੀਰ ਨੇ ਇਕ ਲੋਕ ਹਿਤੈਸ਼ੀ, ਜਮਹੂਰੀ ਤੇ ਧਰਮ ਨਿਰਪੱਖ ਪੱਤਰਕਾਰਤਾ ਦੀ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਖ਼ਬਾਰ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀ ਟਿੱਪਣੀਆਂ ਤੇ ਲਿਖਤਾਂ ਨੇ ਕਿਸਾਨ ਸੰਘਰਸ਼ ਦੇ ਸਰੋਕਾਰਾਂ ਨੂੰ ਬਹੁਤ ਸਪੱਸ਼ਟਤਾ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਸੰਘਰਸ਼ ਦੇ ਨਰੋਏ ਪਹਿਲੂਆਂ ਨੂੰ ਉਚਿਆਇਆ ਹੈ ਤੇ ਵੇਲੇ ਸਿਰ ਇਸ ਦੀਆਂ ਸੀਮਤਾਈਆਂ 'ਤੇ ਉਂਗਲ ਧਰੀ ਹੈ। ਸਭ ਤੋਂ ਵਧ ਕੇ ਉਨ੍ਹਾਂ ਨੇ ਮੋਦੀ ਸਰਕਾਰ ਅਤੇ ਸੰਘਰਸ਼ ਦੋਖੀ ਤਾਕਤਾਂ ਵੱਲੋਂ ਸੰਘਰਸ਼ ਖ਼ਿਲਾਫ਼ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਕਿਸਾਨਾਂ ਤੇ ਹਮਾਇਤੀ ਲੋਕਾਂ ਨੂੰ ਸੁਚੇਤ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੰਪਾਦਕੀ ਹੇਠ ਪੰਜਾਬੀ ਟ੍ਰਿਬਿਊਨ ਨੇ ਕਿਸਾਨ ਸੰਘਰਸ਼ ਅੰਦਰ ਬਹੁਤ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ। ਉਹ ਪੰਜਾਬ ਦੇ ਉਨ੍ਹਾਂ ਲੋਕ ਪੱਖੀ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਚ ਸ਼ੁਮਾਰ ਹਨ ਜਿਨ੍ਹਾਂ ਦੀ ਕਲਮ ਨੇ ਹਮੇਸ਼ਾਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਈ ਹੈ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਸ਼ਹਿ 'ਤੇ ਲਾਲ ਕਿਲ੍ਹੇ ਉੱਪਰ ਧਾਰਮਿਕ ਝੰਡਾ ਝੁਲਾ ਕੇ ਕਿਸਾਨ ਸੰਘਰਸ਼ ਨੂੰ ਆਪਣੇ ਸੌੜੇ ਸਿਆਸੀ ਤੇ ਫ਼ਿਰਕੂ ਮਕਸਦਾਂ ਲਈ ਵਰਤਣਾ ਚਾਹੁੰਦੇ ਇਸ ਵਿਅਕਤੀ ਨੂੰ ਸਭ ਤੋਂ ਵੱਧ ਤਕਲੀਫ ਸਵਰਾਜਬੀਰ ਵੱਲੋਂ ਧਰਮ ਨਿਰਪੱਖ ਪੈਂਤੜੇ ਤੋਂ ਖੜ੍ਹ ਕੇ ਕਿਸਾਨ ਸੰਘਰਸ਼ ਦੀ ਕੀਤੀ ਗਈ ਹਮਾਇਤ ਦੀ ਹੈ।
ਉਨ੍ਹਾਂ ਕਿਹਾ ਕਿ ਸਵਰਾਜਬੀਰ ਨੇ ਆਪਣੀਆਂ ਲਿਖਤਾਂ ਵਿਚ ਗੁਰਬਾਣੀ ਦੇ ਹਵਾਲਿਆਂ ਨਾਲ ਸਿੱਖ ਧਰਮ ਦੀਆਂ ਜਮਹੂਰੀ ਰਵਾਇਤਾਂ ਨੂੰ ਉਭਾਰਦਿਆਂ ਹਰ ਤਰ੍ਹਾਂ ਦੀ ਫ਼ਿਰਕਾਪ੍ਰਸਤੀ ਖ਼ਿਲਾਫ਼ ਆਵਾਜ਼ ਉਠਾਈ ਹੈ। ਕਿਸਾਨ ਮੋਰਚੇ ਅੰਦਰ ਖੌਰੂ ਪਾਊ ਭੜਕਾਊ ਅਨਸਰਾਂ ਦਾ ਬਹੁਤ ਵੇਲੇ ਸਿਰ ਪਰਦਾ ਚਾਕ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਧਰਮ ਨਿਰਲੇਪ ਰੱਖਣ ਦੀ ਇਹ ਪਹੁੰਚ ਹੀ ਉਸ ਨੂੰ ਸਭ ਤੋਂ ਵੱਧ ਰੜਕਦੀ ਹੈ ਕਿਉਂਕਿ ਇਹ ਪਹੁੰਚ ਉਸ ਵਰਗੀਆਂ ਮੌਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੀ। ਇਸੇ ਬੌਖਲਾਹਟ ਵਿਚ ਉਹ ਸਵਰਾਜਬੀਰ ਉੱਪਰ "ਸਟੇਟ ਦੀ ਬੋਲੀ ਬੋਲਣ" ਦੇ ਬੇ-ਸਿਰ ਪੈਰ ਇਲਜ਼ਾਮ ਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਲੋਕ ਜਾਣਦੇ ਹਨ ਕਿ ਕੌਣ ਰਾਜ ਸੱਤਾ ਦੇ ਹੱਥਾਂ ਚ ਖੇਡਦਾ ਹੈ, ਕੌਣ ਰਾਜ ਸੱਤਾ 'ਤੇ ਬੈਠਣ ਦੇ ਜੁਗਾੜ ਕਰਨ ਵਿੱਚ ਰੁੱਝਿਆ ਹੋਇਆ ਹੈ ਤੇ ਕੌਣ ਲੋਕਾਂ ਦੇ ਹਿੱਤਾਂ ਨਾਲ ਵਫ਼ਾਦਾਰੀ ਨਿਭਾ ਰਿਹਾ ਹੈ। ਭਾਜਪਾਈ ਹਕੂਮਤ ਦੇ ਹੱਥਾਂ 'ਚ ਖੇਡ ਕੇ ਕਿਸਾਨ ਸੰਘਰਸ਼ ਨਾਲ ਵੈਰ ਕਮਾਉਣ ਦਾ ਉਸ ਦਾ ਅਮਲ ਅਜੇ ਕਿਸਾਨਾਂ ਦੇ ਮਨ 'ਚ ਸੱਜਰਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਲਹਿਰ ਆਪਣੇ ਸਭਨਾਂ ਸੱਚੇ ਹਮਾਇਤੀਆਂ ਤੇ ਹਿਤੈਸ਼ੀਆਂ ਦੇ ਨਾਲ ਡਟ ਕੇ ਖੜ੍ਹਦੀ ਆ ਰਹੀ ਹੈ ਤੇ ਹਮੇਸ਼ਾਂ ਖਡ਼੍ਹੇਗੀ ਅਤੇ ਨਾ ਹੀ ਉਨ੍ਹਾਂ ਦੇ ਅਦਾਰੇ ਨੂੰ ਅਜਿਹੀਆਂ ਬੇਸਿਰ ਪੈਰ ਸ਼ਿਕਾਇਤਾਂ ਉਨ੍ਹਾਂ ਦੀ ਕਲਮ ਦੀ ਜ਼ੁਬਾਨਬੰਦੀ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਡਾ ਡੂੰਘਾ ਵਿਸ਼ਵਾਸ ਹੈ ਕਿ ਪੰਜਾਬੀ ਸਾਹਿਤਕਾਰਾਂ ਤੇ ਕਲਮਕਾਰਾਂ ਦੀ ਕਿਰਤੀ ਲੋਕਾਂ ਨਾਲ ਗੂੜ੍ਹੀ ਵਫ਼ਾ ਅਜਿਹੀ ਭਟਕਾਊ ਬਿਆਨਬਾਜ਼ੀ ਨਾਲ ਥਿੜਕਣ ਵਾਲੀ ਨਹੀਂ ਹੈ। ਅਜਿਹੀ ਬਿਆਨਬਾਜ਼ੀ ਕਿਸਾਨ ਸੰਘਰਸ਼ ਦੇ ਦੋਖੀ ਵਜੋਂ ਉਸ ਵਿਆਕਤੀ ਦੀ ਪਛਾਣ ਨੂੰ ਹੋਰ ਗੂੜ੍ਹੀ ਕਰ ਰਹੀ ਹੈ।