ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਾਲੇਰਕੋਟਲਾ, 21 ਅਕਤੂਬਰ 2021 ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਮੌਕੇ ਸਥਾਨਕ ਵਾਲਮਿਕੀ ਮੰਦਰ ਮੁਹੱਲਾ ਮਾਲੇਰ ਤੋਂ ਪ੍ਰਧਾਨ ਰਾਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਬੜੀ ਧੂਮ-ਧਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ। ਵਾਲਮਿਕੀ ਮੰਦਰ ਮੁਹੱਲਾ ਮਾਲੇਰ ਤੋਂ ਆਰੰਭ ਹੋਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਿਸ ਭਗਵਾਨ ਵਾਲਮੀਕਿ ਮੰਦਿਰ ਵਿਖੇ ਆ ਕੇ ਸਮਾਪਤ ਹੋਈ।
ਥਾਂ ਥਾਂ ਉੱਪਰ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ। ਇਸ ਮੌਕੇ ਸ਼ੋਭਾ ਯਾਤਰਾ 'ਚ ਉੱਘੇ ਉਦਯੋਗਪਤੀ ਸ.ਇੰਦਰਜੀਤ ਸਿੰਘ ਮੁੰਡੇ (ਐੱਮ.ਡੀ ਕੇ.ਐੱਸ ਗਰੁੱਪ) ਮੁੱਖ ਮਹਿਮਾਨ, ਸੇਵਾ ਮੁਕਤ ਡਿਪਟੀ ਕਮਿਸ਼ਨਰ ਸ.ਗੁਰਲਵਲੀਨ ਸਿੰਘ ਸਿੱਧੂ, ਸ਼੍ਰੀ ਰਾਜ ਕਪੂਰ ਸਾਬਕਾ ਪ੍ਰਧਾਨ ਨਗਰ ਕੌਸਲ ਮਾਲੇਰਕੋਟਲਾ ਤੇ ਸ.ਸੁਰਿੰਦਰ ਸਿੰਘ ਉਬਰਾਏ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸ.ਗੁਰਲਵਲੀਨ ਸਿੰਘ ਸਿੱਧੂ ਤੇ ਸ.ਇੰਦਰਜੀਤ ਸਿੰਘ ਮੁੰਡੇ ਨੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਭਗਵਾਨ ਵਾਲਮੀਕ ਵੱਲੋਂ ਦਿਖਾਏ ਮਾਰਗ ਅਤੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਪਹਿਲੇ ਕਵੀ ਜਾਂ ਆਦੀ ਕਵੀ ਸਨ ਜਿਨ੍ਹਾਂ ਨੇ 'ਰਮਾਇਣ' ਦੀ ਰਚਨਾ ਕਰ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਦੀਆਂ ਸਿੱਖਿਆਵਾਂ ਅੱਜ ਵੀ ਬਹੁਤ ਕਾਰਗਰ ਸਿੱਧ ਹੋ ਰਹੀਆਂ ਹਨ। ਇਸ ਮੌਕੇ ਸ਼ੋਭਾ ਯਾਤਰਾ 'ਚ ਕਮੇਟੀ ਦੇ ਮੈਂਬਰ ਰਵੀ ਬੱਗਣ ਵਾਇਸ ਪ੍ਰਧਾਨ, ਪ੍ਰਿੰਸ ਬੱਗਣ, ਰਾਜੇਸ਼ ਟਾਂਕ, ਟਿਨੂ ਮੱਟੂ ਤੇ ਬਿੰਦਰ ਮੱਟੂ ਆਦਿ ਸ਼ਾਮਿਲ ਸਨ।