7 ਕਰੋੜ ਦੀ ਨਵੀਂ ਆਧੁਨਿਕ ਮਸ਼ੀਨਰੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਤੇ ਸ਼ਹਿਰ ਦੀ ਸਫਾਈ ਦੀ ਸ਼ੁਰੂਆਤ ਪ੍ਰਕਾਸ਼ ਪੁਰਬ ਤੇ ਕੀਤੀ ਜਾਵੇਗੀ: ਮੇਅਰ ਰਿੰਟੂ
ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੇਅਰ ਰਿੰਟੂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ ਸਫਾਈ ਕੀਤੀ
ਮਨਪ੍ਰੀਤ ਸਿੰਘ ਜੱਸੀ, ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 21 ਅਕਤੂਬਰ: ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ ਸਫਾਈ ਤੇ ਧੁਆਈ ਝਾੜੂ ਮਾਰ ਕੇ ਕੀਤੀ ਗਈ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ ਨਗਰ ਨਿਗਮ ਦੇ ਅਧਿਕਾਰੀ, ਚੀਫ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ, ਕਰਮਚਾਰੀ ਆਦਿ ਨੇ ਮਿਲਕੇ ਸਾਫ ਸਫਾਈ ਕੀਤੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਬਹੁਤ ਵਡਭਾਗੀ ਹਾਂ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨ ਇਲਾਕਿਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਸਾਫ ਸਫਾਈ ਲਈ 7 ਕਰੋੜ ਦੀਆਂ ਨਵੀਆਂ ਮਸ਼ੀਨਾਂ ਲਈਆਂ ਗਈਆਂ ਜਿੰਨ੍ਹਾਂ ਦੀ ਸ਼ੁਰੂਆਤ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਤੀ ਜਾਵੇਗੀ ਤੇ ਸ਼ਹਿਰ ਦੀ ਅੰਦਰੂਨ ਇਲਾਕਿਆਂ ਦੀ ਸਫਾਈ ਵੀ ਮਸ਼ੀਨਾਂ ਰਾਹੀਂ ਹੋਵੇਗੀ।
ਮੇਅਰ ਰਿੰਟੂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਰੋਜ਼ਾਨਾ ਤਿੰਨ ਸ਼ਿਫਟਾਂ ਦੇ ਸਫਾਈ ਦਾ ਕੰਮ ਬਾਖੂਬੀ ਚੱਲ ਰਿਹਾ ਹੈ ਅਤੇ ਰੈਗੂਲਰ ਸਟਾਫ ਇਸ ਦੀ ਸਾਫ ਸਫਾਈ ਲਈ ਕਾਰਜ ਕਰ ਰਿਹਾ ਹੈ। ਮੇਅਰ ਰਿੰਟੂ ਨੇ ਕਿਹਾ ਕਿ ਇਸ ਗੁਰੂਆਂ ਪੀਰਾਂ ਦੀ ਧਰਤੀ ਦੀ ਸੇਵਾ ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ ਉਸ ਲਈ ਮੈਂ ਹਮੇਸ਼ਾ ਰਿਣੀ ਹਾਂ ਅਤੇ ਨਗਰ ਨਿਗਮ ਦਾ ਸਮੁੱਚਾ ਅਮਲਾ ਇਸ ਸ਼ਹਿਰ ਦੀ ਸਾਫ ਸਫਾਈ ਲਈ ਦਿਨ ਰਾਤ ਇਕ ਕਰ ਕੰਮ ਕਰ ਰਿਹਾ ਹੈ।
ਇਸ ਮੌਕੇ ਸੰਤ ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਭੂਰੀ ਵਾਲਿਆਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਯੋਗੇਸ਼ ਕੁਮਾਰ ਸਿਹਤ ਅਫ਼ਸਰ, ਸਾਹਿਲ ਮਲਹੋਤਰਾ, ਕੁਲਦੀਪ ਸਿੰਘ ਪੰਡੋਰੀ ਅਤੇ ਸਮੂਹ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।