ਖੇਤੀਬਾੜੀ ਵਿਭਾਗ ਵੱਲੋਂ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਨੂੰ ਯੂਰੋਮਿਨ ਲਿਕਸ ਵੰਡਿਆ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 21 ਅਕਤੂਬਰ 2021- ਡਿਪਟੀ ਕਮਿਸ਼ਨਰ ਐਸ.ਏ ਐਸ.ਨਗਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਫਤਿਹਪੁਰ ਟੱਪਰੀਆਂ ਵਿਖੇ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨ ਟ੍ਰੇਨਿੰਗ ਕੈਂਪ ਲਗਾਇਆ ਗਿਆ।
ਇਸ ਮੌਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਦੱਸਿਆ ਕਿ ਇਸ ਪਿੰਡ ਵਿੱਚ ਜੋ ਕਿਸਾਨ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕਰਦੇ ਹਨ ਉਨ੍ਹਾਂ ਨੂੰ ਯੂਰੋਮਿਨ ਲਿਕ (ਪਸ਼ੂ ਚਾਟ) ਫਰੀ ਵੰਡੀ ਗਈ ਹੈ। ਇਹ ਪਸ਼ੂ ਚਾਟ ਊਰਜਾ, ਪ੍ਰੋਟੀਨ ਅਤੇ ਧਾਤਾਂ ਦਾ ਸ੍ਰੋਤ ਹੈ ਜਿਸ ਵਿੱਚ ਪਚਣਯੋਗ: 74.4 %,ਕੱਚੀ ਪ੍ਰੋਟੀਨ: 41.0 %,ਫੈਟ: 1.4 %,ਐਨ.ਡੀ.ਐੱਫ: 11.0 %,ਰੇਸ਼ਾ: 2.0 % ਅਤੇ ਘੁਲਣਸ਼ੀਲਤਾ: 89.0 % ਤੱਤ ਹਨ।ਇਸ ਤੋਂ ਇਲਾਵਾ ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਪਸ਼ੂ ਚਾਟ ਪਸ਼ੂਆਂ ਦੀ ਪਾਚਣ ਸ਼ਕਤੀ ਵਧਾਉਂਦੀ ਹੈ, ਬਿਮਾਰੀਆਂ ਤੋਂ ਬਚਾਉਂਦੀ ਹੈ, ਲਵੇਰੇ ਸੂਆ ਨਹੀਂ ਭੰਨਦੇ ਅਤੇ ਪਸ਼ੂ ਹਰਵਰਿਆਏ ਰਹਿੰਦੇ ਹਨ। ਇਹ ਚਾਟ ਛੇ ਮਹੀਨੇ ਤੋਂ ਘੱਟ ਉਮਰ ਦੇ ਕਟੜੂ ਅਤੇ ਵਛੜੂ ਨੂੰ ਨਾ ਪਾਈ ਜਾਵੇ। ਇਹ ਪਸ਼ੂ ਚਾਟ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਰਯੋਗਾਤਮਕ ਇਕਾਈ ਦਾ ਉਤਪਾਦ ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਇਸ ਮੌਕੇ ਆਤਮਾ ਸਕੀਮ ਦੀ ਡੀ.ਪੀ.ਡੀ ਮੈਡਮ ਅਨੁਰਾਧਾ, ਜਸਵੰਤ ਸਿੰਘ,ਸਵਿੰਦਰ ਕੁਮਾਰ , ਸਿਮਰਨਜੀਤ ਕੌਰ ਏ ਟੀ ਐਮ ਅਤੇ ਬਹੁਤ ਸਾਰੇ ਕਿਸਾਨ, ਕਿਸਾਨ ਬੀਬੀਆਂ ਹਾਜ਼ਰ ਸਨ।