ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 21 ਅਕਤੂਬਰ 2021:- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਰਹਿਨੁਮਾਈ ਹੇਠ ਭਾਈਚਾਰਕ ਸਿਹਤ ਕੇਂਦਰ ਰਾਹੋਂ ਵਿਖੇ ਵਿਸ਼ਵ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਦਿਵਸ ਮਨਾਇਆ ਗਿਆ।
ਇਸ ਮੌਕੇ ਮੈਡੀਕਲ ਅਫਸਰ ਡਾ ਗੁਰਪਿੰਦਰ ਕੌਰ ਨੇ ਦੱਸਿਆ ਕਿ ਕਿ ਥਾਇਰਾਇਡ, ਚਮੜੀ, ਪਾਚਣ ਪ੍ਰਣਾਲੀ ਅਤੇ ਪੁਨਰ-ਉਤਪਾਦੀ ਅੰਗਾਂ ਦੀ ਤੰਦਰੁਸਤੀ ਲਈ ਸਾਡੇ ਸਰੀਰ ਵਿੱਚ ਆਇਓਡੀਨ ਦੀ ਵਿਆਪਕ ਮਾਤਰਾ ਦਾ ਹੋਣਾ ਬਹੁਤ ਜਰੂਰੀ ਹੈ। ਸਾਡੇ ਖਾਣ ਪੀਣ ਦੀਆਂ ਆਦਤਾਂ ਵਿੱਚ ਥੋੜੀ ਜਿਹੀ ਲਾਪਰਵਾਹੀ ਹੀ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਆਇਓਡੀਨ ਦੀ ਮਾਤਰਾ ਦੀ ਘਾਟ ਕਾਰਨ ਗਰਭਵਤੀ ਔਰਤ ਦਾ ਗਰਭਪਾਤ ਹੋ ਸਕਦਾ ਹੈ ਅਤੇ ਇਸ ਦੇ ਇਲਾਵਾ ਮੰਦਬੁੱਦੀ ਬੱਚੇ ਦੇ ਜਨਮ, ਬੱਚੇ ਦੇ ਵਿਕਾਸ ਵਿੱਚ ਘਾਟ, ਗਿਲੜ੍ਹ ਰੋਗ, ਭੈਂਗਾਪਣ, ਬੋਲਾਪਣ ਆਦਿ ਪ੍ਰਕਾਰ ਦੇ ਰੋਗ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਰੋਜ਼ਾਨਾ ਦੇ ਖਾਣਪੀਣ ਵਿੱਚ ਆਇਓਡਾਈਜ਼ਡ ਨਮਕ ਦੀ ਸਹੀ ਮਾਤਰਾ ਵਿੱਚ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਆਇਡੀਨ ਦੀ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਆਇਓਡੀਨ ਜ਼ਰੂਰੀ ਖ਼ੁਰਾਕੀ ਤੱਤ ਹੈ, ਜਿਸ ਦੀ ਰੋਜ਼ਾਨਾ ਲੋੜ ਆਇਓਡੀਨ ਵਾਲਾ ਲੂਣ ਅਤੇ ਕੁਝ ਹੋਰ ਚੀਜ਼ਾਂ ਖਾਣ ਨਾਲ ਪੂਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਦੁਕਾਨ ਤੋਂ ਨਮਕ ਖ਼ਰੀਦਦੇ ਸਮੇਂ ਇਹ ਯਕੀਨੀ ਕਰ ਲਿਆ ਜਾਵੇ ਕਿ ਪੈਕੇਟ ਉਤੇ 'ਹੱਸਦੇ ਸੂਰਜ' ਦਾ ਨਿਸ਼ਾਨ ਬਣਿਆ ਹੋਵੇ ਕਿਉਂਕਿ ਇਹੋ ਆਇਓਡੀਨ ਯੁਕਤ ਨਮਕ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਨਮਕ ਨੂੰ ਨਿੰਬੂ ਪਾਣੀ, ਲੱਸੀ ਜਾਂ ਜੂਸ ਆਦਿ ਵਿਚ ਮਿਲਾ ਕੇ ਪੀਣ ਨਾਲ ਜਾਂ ਸਲਾਦ ਆਦਿ 'ਤੇ ਛਿੜਕ ਕੇ ਖਾਣ ਨਾਲ ਸਰੀਰ ਨੂੰ ਆਇਓਡੀਨ ਪੂਰਨ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਲਈ ਹਮੇਸ਼ਾ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਮਕ ਨੂੰ ਬੰਦ ਡੱਬੇ ਵਿਚ ਪਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਖੁੱਲ੍ਹੇ ਰੱਖੇ ਗਏ ਲੂਣ ਵਿਚੋਂ ਅਇਓਡੀਨ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਤੱਤ ਬੱਚਿਆਂ, ਨੌਜਵਾਨਾਂ ਅਤੇ ਗਰਭਵਤੀ ਮਾਵਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਘਾਟ ਨਾਲ ਪੈਦਾ ਹੋਣ ਵਾਲਾ ਬੱਚਾ ਆਸਧਾਰਣ ਜਾਂ ਮਰਿਆ ਹੋਇਆ ਵੀ ਪੈਦਾ ਹੋ ਸਕਦਾ ਹੈ। ਨੌਜਵਾਨਾਂ ਅੰਦਰ ਸੁਸਤੀ ਅਤੇ ਥਕਾਵਟ ਆ ਜਾਂਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ ਗੁਰਪਿੰਦਰ ਕੌਰ, ਡਾ ਯੋਗਿਤਾ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਸਟਾਫ ਨਰਸ ਊਸ਼ਾ ਰਾਣੀ, ਐੱਲ ਐੱਚ ਵੀ ਕੁਲਵੰਤ ਕੌਰ, ਓਟ ਕੌਂਸਲਰ ਹਰਪ੍ਰੀਤ ਸਿੰਘ, ਏ.ਐਨ.ਐਮ. ਹਰਜਿੰਦਰ ਕੌਰ, ਹੈਲਥ ਸਟਾਫ ਮਨਦੀਪ ਕਾਹਲੋਂ, ਗੁਲਸ਼ਨ ਕੁਮਾਰ ਸਮੇਤ ਹੋਰ ਸਟਾਫ ਅਤੇ ਆਮ ਲੋਕ ਹਾਜ਼ਰ ਸਨ।