ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ
ਬਾਬੂਸ਼ਾਹੀ ਨੈੱਟਵਰਕ
ਹੁਸ਼ਿਆਰਪੁਰ, 21 ਅਕਤੂਬਰ 2021 : ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਐਮ.ਐਸ. ਰੰਧਾਵਾ ਖੋਜ ਕੇਂਦਰ, ਗੰਗੀਆਂ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬਲਾਕ ਦਸੂਹਾ ਦੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਐਮ.ਐਸ. ਰੰਧਾਵਾ ਖੋਜ ਕੇਂਦਰ, ਗੰਗੀਆਂ ਦੀ ਇੰਚਾਰਜ ਡਾ. ਸੁਮਨਜੀਤ ਕੌਰ ਨੇ ਆਏ ਮਾਹਰਾਂ ਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਮਸ਼ੀਨਰੀ ਦਾ ਸੁਚਾਰੂ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਨੂੰ ਸੰਭਾਲਣ ’ਤੇ ਜ਼ੋਰ ਦਿੱਤਾ। ਇਸ ਮੌਕੇ ’ਤੇ ਵੱਖ-ਵੱਖ ਤਕਨੀਕਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀ ਉਪਲਬੱਧ ਕਰਵਾਈ ਗਈ। ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ। ਉਨ੍ਹਾਂ ਪਰਾਲੀ ਵਿਚ ਮੌਜੂਦਾ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਬੌਂਸ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ ਅਤੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਸਬੰਧੀ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਫਾਰਮ ਸਲਾਹਕਾਰ ਸੇਵਾ ਸੰਸਥਾ ਗੰਗੀਆਂ ਦੇ ਇੰਚਾਰਜ ਡਾ. ਚਰਨਜੀਤ ਕੌਰ ਨੇ ਸਿਖਿਆਰਥੀਆਂ ਨੂੰ ਹਾੜੀ ਦੀਆਂ ਫ਼ਸਲਾਂ ਕਣਕ, ਮਸਰ, ਗੋਭੀ ਸਰੋਂ ਦੀਆਂ ਉਨਤ ਕਿਸਮਾਂ, ਬਿਜਾਈ, ਖਾਦਾਂ ਦੇ ਸੁਚਾਰੂ ਪ੍ਰਯੋਗ ਤੇ ਨਦੀਨ ਪ੍ਰਬੰਧਨ ਬਾਰੇ ਜ਼ਰੂਰੀ ਨੁਕਤੇ ਸਾਂਝੇ ਕੀਤੇ। ਜ਼ਿਲ੍ਹਾ ਪ੍ਰਸਾਰ ਮਾਹਰ (ਕੀਟ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਹਾੜੀ ਦੀਆਂ ਫ਼ਸਲਾਂ ਦੇ ਸਰਵਪੱਖੀ ਕੀਟ ਪ੍ਰਬੰਧ ਤੇ ਬੀਜ ਸੋਧ ਬਾਰੇ ਜਾਣਕਾਰੀ ਦਿੱਤੀ। ਕਿਸਾਨਾਂ ਦੀ ਸੁਵਿਧਾ ਲਈ ਸਰਦੀ ਦੀਆਂ ਸਬਜ਼ੀ ਕਿੱਟਾਂ, ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਕਿਤਾਬ ਤੇ ਕਣਕ ਲਈ ਜੀਵਾਣੂ ਖਾਦ ਦੇ ਟੀਕੇ ਵੀ ਉਪਲਬੱਧ ਕਰਵਾਏ ਗਏ।
ਅੰਤ ਵਿਚ ਫਾਰਮ ਸਲਾਹਕਾਰ ਸੰਸਥਾ ਗੰਗੀਆਂ ਦੀ ਫਲ ਵਿਗਿਆਨ ਮਾਹਰ ਡਾ. ਇੰਦਰਾ ਦੇਵੀ ਨੇ ਆਏ ਮਾਹਰਾਂ ਤੇ ਕਿਸਾਨਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।