ਮੋਰਾਂਵਾਲੀ ਵਿਖੇ ਸ਼ਹੀਦਾਂ ਦੀਆਂ ਮਾਵਾਂ ਦੀ ਯਾਦ ਵਿਚ ਸਮਾਗਮ
ਬੰਗਾ :21 ਅਕਤੂਬਰ 2021 - ਪ੍ਰਗਤੀਸ਼ੀਲ ਲੇਖਕ ਸੰਘ (ਰਜਿ.) ਪੰਜਾਬ ਵੱਲੋਂ ਮਾਤਾ ਵਿਦਿਆਰਥੀ ਵੈਲਫੇਅਰ ਟਰੱਸਟ ਮੋਰਾਂਵਾਲੀ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਮਾਤਾ ਵਿਦਿਆਵਤੀ ਯਾਦਗਾਰ ਹਾਲ ਪਿੰਡ ਮੋਰਾਂਵਾਲੀ ਵਿਖੇ 23 ਅਕਤੂਬਰ 2021 ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਹੋਵੇਗਾ। ਹਰਬੰਸ ਹੀਉਂ, ਦੀਪ ਕਲੇਰ ਅਤੇ ਤਲਵਿੰਦਰ ਸ਼ੇਰਗਿੱਲ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸਮਾਗਮ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਮਾਵਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਇਸ ਦੌਰਾਨ ਵਿਚਾਰ ਚਰਚਾ ਅਤੇ ਕਵੀ ਦਰਬਾਰ ਹੋਵੇਗਾ। ਸਮਾਗਮ ਦੀ ਵਿਚਾਰ ਚਰਚਾ ਦੌਰਾਨ ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੁਰਜੀਤ ਜੱਜ, ਪ੍ਰੋ. ਬਲਜੀਤ ਸਿੰਘ ਬੱਲੀ ਅਤੇ ਸੰਧੂ ਵਰਿਆਣਵੀਂ ਅਤੇ ਕਵੀ ਦਰਬਾਰ ਵਿਚ ਸ਼ਮਸ਼ੇਰ ਮੋਹੀ, ਰੇਸ਼ਮ ਚਿੱਤਰਕਾਰ ਅਤੇ ਪਵਨ ਭੰਮੀਆਂ ਸ਼ਾਮਿਲ ਹੋਣਗੇ। ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਣ ਸਿੰਘ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਤੇ ਪ੍ਰੋ. ਅਰਵਿੰਦਰ ਕੌਰ ਕਾਕੜਾ ਅਤੇ ਪ੍ਰੋ. ਸੁਮੇਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਵਿਚਾਰ ਰੱਖਣਗੇ। ਇਸ ਸਮਾਗਮ ਦੌਰਾਨ ਇਲਾਕੇ ਦੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।