ਸੰਗਰੂਰ: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਵਿਡ-19 ਸੰਬੰਧੀ ਜਾਰੀ ਪਾਬੰਦੀਆਂ ‘ਚ 31 ਅਕਤੂਬਰ ਤੱਕ ਵਾਧਾ
ਦਲਜੀਤ ਕੌਰ ਭਵਾਨੀਗੜ੍ਹ
- ਇਨਡੋਰ 400 ਤੇ ਆਊਟਡੋਰ 600 ਵਿਅਕਤੀਆਂ ਤੱਕ ਦੇ ਇਕੱਠ ਨੂੰ ਇਜਾਜਤ: ਡਿਪਟੀ ਕਮਿਸਨਰ
ਸੰਗਰੂਰ, 21 ਅਕਤੂਬਰ,2021: ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਮੈਜਿਸਟਰੇਟ, ਸੰਗਰੂਰ ਰਾਮਵੀਰ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲੇ ਵਿੱਚ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ 31 ਅਕਤੂਬਰ 2021 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਜਿਲੇ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ ਕੋਵਿਡ ਤੋਂ ਠੀਕ ਹੋਏ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਹੈ। ਹੁਕਮਾਂ ਅਨੁਸਾਰ ਯਾਤਰੀਆਂ ਕੋਲ ਇਨਾਂ ’ਚੋਂ ਕੁਝ ਵੀ ਨਾ ਹੋਣ ਦੀ ਸੂਰਤ ਵਿੱਚ ਉਸ ਵਿਅਕਤੀ ਦਾ ਆਰ.ਏ.ਟੀ. ਟੈਸਟ ਜ਼ਰੂਰੀ ਹੋਵੇਗਾ, ਜਦਕਿ ਹਵਾਈ ਸਫ਼ਰ ਕਰਨ ਵਾਲਿਆਂ ਲਈ ਇਨਾਂ ਤਿੰਨਾਂ ਚੋਂ ਇਕ ਦਾ ਹੋਣਾ ਜ਼ਰੂਰੀ ਹੈ।
ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲੇ ਵਿੱਚ ਇਕੱਠ ਦੀ 50 ਫੀਸਦੀ ਸਮਰੱਥਾ ਨਾਲ ਇਨਡੋਰ 400 ਅਤੇ ਆਊਟਡੋਰ 600 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਹੁਕਮਾਂ ਅਨੁਸਾਰ ਇਸ ਤਰਾਂ ਦੇ ਸਮਾਗਮਾਂ ਵਿੱਚ ਕਲਾਕਾਰ, ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕਾਲ ਦੇ ਨਾਲ ਆਗਿਆ ਦਿੱਤੀ ਜਾਵੇਗੀ।
ਜਾਰੀ ਹੁਕਮਾਂ ਅਨੁਸਾਰ ਜਿਨਾਂ ਵੱਲੋਂ ਤਿਉਹਾਰ ਮਨਾਉਣ ਲਈ ਇਕੱਠ ਕੀਤਾ ਜਾਂਦਾ ਹੈ ਉਹ ਇਹ ਯਕੀਨੀ ਬਣਾਉਣ ਕਿ ਇਕੱਠ ਵਿੱਚ ਉਹ ਹੀ ਸਟਾਫ ਸਾਮਲ ਹੋਵੇ ਜਿਨਾਂ ਦੇ ਕੋਵਿਡ ਵੈਕਸੀਨ ਦੀਆਂ ਦੇਵੋਂ ਡੋਜਾਂ ਜਾਂ 4 ਹਫਤੇ ਪਹਿਲਾਂ ਘੱਟੋ ਘੱਟ ਇਕ ਡੋਜ ਲੱਗੀ ਹੋਵੇ।
ਇਸ ਤੋਂ ਇਲਾਵਾ ਕਿਸੇ ਵੀ ਮੰਤਵ ਲਈ ਕੀਤੇ ਗਏ ਇਕੱਠ ਵਿੱਚ ਕੋਵਿਡ ਸਾਵਧਾਨੀਆਂ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ 600 ਵਿਅਕਤੀਆਂ ਤੱਕ ਦਾ ਇਕੱਠ ਹੀ ਕੀਤਾ ਜਾ ਸਕਦਾ ਹੈ। ਇਹ ਹੁਕਮ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਤੇ ਮੀਟਿੰਗਾਂ ਸਮੇਤ ਹਰ ਤਰਾਂ ਦੇ ਇਕੱਠ ਤੇ ਵੀ ਲਾਗੂ ਹੋਣਗੇ।
ਜਾਰੀ ਹੁਕਮਾਂ ਅਨੁਸਾਰ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲਜ਼, ਮਿਊਜ਼ਿਅਮ, ਚਿੜੀਆਘਰ ਆਦਿ ਨੂੰ ਆਪਣੀ 2/3 ਫੀਸਦੀ ਸਮਰੱਥਾ ਦੇ ਨਾਲ ਖੋਲਣ ਦੀ ਆਗਿਆ ਦਿੱਤੀ ਜਾਵੇਗੀ, ਬਸ਼ਰਤੇ ਕਿ ਹਾਜ਼ਰ ਸਟਾਫ ਦਾ ਮੁਕੰਮਲ ਟੀਕਾਕਰਨ ਜਾਂ 4 ਹਫਤੇ ਪਹਿਲਾਂ ਘੱਟੋ ਘੱਟ ਕੋਵਿਡ ਵੈਕਸੀਨ ਦੀ ਇਕ ਡੋਜ ਲੱਗੀ ਹੋਵੇ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਤੈਰਾਕੀ, ਖੇਡ ਅਤੇ ਜਿੰਮ ਜਾਣ ਵਾਲੇ ਸਾਰੇ ਵਿਅਕਤੀ 18 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ ਅਤੇ ਉਨਾਂ ਨੂੰ ਘੱਟੋ ਘੱਟ ਕੋਵਿਡ-19 ਟੀਕਾਕਰਨ ਦੀ ਇਕ ਡੋਜ਼ ਲੱਗੀ ਹੋਵੇ। ਉਨਾਂ ਕਿਹਾ ਕਿ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੈ।
ਜਾਰੀ ਹੁਕਮਾਂ ਅਨੁਸਾਰ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਹੋਰ ਉਚ ਸਿੱਖਿਅਕ ਸੰਸਥਾਵਾਂ ਵਿਚ ਸਿਰਫ ਮੁਕੰਮਲ ਟੀਕਾਕਰਨ ਜਾਂ 4 ਹਫਤੇ ਪਹਿਲਾਂ ਘੱਟੋ ਘੱਟ ਕੋਵਿਡ ਵੈਕਸੀਨ ਦੀ ਇਕ ਡੋਜ ਲੱਗੀ ਹੋਵੇ, ਅਧਿਆਪਨ, ਗੈਰ ਅਧਿਆਪਨ ਸਟਾਫ ਅਤੇ ਵਿਦਿਆਰਥੀ ਹੀ ਨਿੱਜ਼ੀ ਤੌਰ ’ਤੇ ਹਾਜ਼ਰ ਹੋਣਗੇ ਅਤੇ ਸਹਿ ਰੋਗਾਂ ਵਾਲਅਿਾਂ ਨੂੰ ਮੁਕੰਮਲ ਟੀਕਾਕਰਨ ਹੋਣ ‘ਤੇ ਹੀ ਮਨਜੂਰੀ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਲਈ ਆਨਲਾਈਨ ਪੜਾਈ ਦਾ ਬਦਲ ਵੀ ਉਪਲਬੱਧ ਰਹੇਗਾ।
ਇਸੇ ਤਰਾਂ ਸਕੂਲ (ਸਮੇਤ ਖੇਡ ਦੇ ਮੈਦਾਨ) ਤੇ ਆਂਗਣਵਾੜੀ ਸੈਂਟਰ ਖੁੱਲੇ ਰਹਿਣਗੇ ਪਰ ਉਹ ਹੀ ਸਟਾਫ ਸਕੂਲ ਜਾਂ ਆਂਗਣਵਾੜੀ ਸੈਂਟਰ ਆ ਸਕੇਗਾ ਜਿਸ ਦਾ ਮੁਕੰਮਲ ਟੀਕਾਕਰਨ ਜਾਂ 4 ਹਫਤੇ ਪਹਿਲਾਂ ਘੱਟੋ ਘੱਟ ਕੋਵਿਡ ਵੈਕਸੀਨ ਦੀ ਇਕ ਡੋਜ ਲੱਗੀ ਹੋਵੇ। ਸਹਿ ਰੋਗਾਂ ਵਾਲਿਆਂ ਨੂੰ ਮੁਕੰਮਲ ਟੀਕਾਕਰਨ ਹੋਣ ‘ਤੇ ਹੀ ਹਾਜਰ ਹੋਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਜਿਹੜੇ ਸਟਾਫ ਦੇ ਵੈਕਸੀਨ ਦੀ ਸਿਰਫ ਇਕ ਡੋਜ ਲੱਗੀ ਹੈ ਉਹ ਕੋਵਿਡ ਲਾਗ ਤੋਂ ਬਚਾਅ ਲਈ ਆਪਣਾ ਨਿਯਮਤ ਰੂਪ ਵਿੱਚ ਟੈਸਟ ਕਰਵਾਉਣਗੇ। ਸਕੂਲੀ ਵਿਦਿਆਰਥੀਆਂ ਲਈ ਆਨ ਲਾਈਨ ਕਲਾਸਾਂ ਦਾ ਬਦਲ ਵੀ ਜ਼ਰੂਰੀ ਹੈ। ਤਹਿਸੀਲਾਂ/ਬਲਾਕਾਂ ਜਿਥੇ ਪਾਜ਼ਿਟਿਵਿਟੀ 0.2% ਤੋਂ ਵੱਧ ਹੈ ਉਥੇ ਪ੍ਰਾਈਮਰੀ ਜਮਾਤ ਚੌਥੀ ਤੇ ਇਸ ਤੋਂ ਹੇਠਲੀਆਂ ਜਮਾਤਾਂ ਅਤੇ ਆਂਗਣਵਾੜੀ ਸੈਂਟਰ ਹਾਲਾਤ ਦੇ ਠੀਕ ਹੋਣ ਤੱਕ ਬੰਦ ਰਹਿਣਗੇ।
ਹੁਕਮਾਂ ਅਨੁਸਾਰ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਹੋਰ ਉਚ ਸਿੱਖਿਅਕ ਸੰਸਥਾਵਾਂ, ਸਕੂਲਾਂ ਦੇ ਅਧਿਆਪਨ ਤੇ ਗੈਰ ਅਧਿਆਪਨ ਸਟਾਫ਼ ਦੇ ਸਪੈਸ਼ਲ ਕੈਂਪ ਲਗਾ ਕੇ ਕੋਵਿਡ ਟੀਕਾਕਰਨ ਕਰਾਉਣ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਇਨਾਂ ਸਾਰਿਆਂ ਦੇ ਵੈਕਸੀਨ ਦੀ ਪਹਿਲੀ ਡੋਜ਼ ਇਸੇ ਮਹੀਨੇ ਲੱਗ ਸਕੇ। ਜ਼ਿਨਾਂ ਦੇ ਦੂਜੀ ਡੋਜ਼ ਲੱਗਣੀ ਹੈ ਉਨਾਂ ਨੂੰ ਵੀ ਪਹਿਲ ਦਿੱਤੀ ਜਾਵੇ। ਸਕੂਲ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਤੁਰੰਤ ਕੋਵਿਡ ਵੈਕਸੀਨ ਲਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਜਾਰੀ ਹੁਕਮਾਂ ਅਨੁਸਾਰ ਹੋਸਟਲਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਰਤ ‘ਤੇ ਖੋਲਣ ਦੀ ਇਜਾਜਤ ਦਿੱਤੀ ਜਾਂਦੀ ਹੈ।
ਸਾਰੇ ਸਰਕਾਰੀ ਕਰਮਚਾਰੀਆਂ ਨੂੰ ਅਗਲੇ 15 ਦਿਨਾਂ ਅੰਦਰ ਕੋਵਿਡ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਹੈ। ਹੁਕਮਾਂ ਅਨੁਸਾਰ ਮੈਡੀਕਲ ਕਾਰਨਾਂ ਨੂੰ ਛੱਡ ਕੇ ਜੇਕਰ ਕਿਸੇ ਕਰਮਚਾਰੀ ਨੇ 15 ਦਿਨਾਂ ਅੰਦਰ ਵੈਕਸੀਨ ਨਾ ਲਗਵਾਈ ਤਾਂ ਉਨਾਂ ਵਿਰੁੱਧ ਜਰੂਰੀ ਅਨੁਸਾਸਨੀ ਕਾਰਵਾਈ ਸੁਰੂ ਕੀਤੀ ਜਾ ਸਕਦੀ ਹੈ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਸਮੇਤ ਢੁੱਕਵੀਂ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਯਕੀਨੀ ਬਣਾਇਆ ਜਾਵੇ।