ਖੇਤੀਬਾੜੀ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਯੂਰੋਮਿਨ ਲਿਕਸ ਵੰਡਿਆ
ਹਰਜਿੰਦਰ ਸਿੰਘ ਭੱਟੀ
ਕੁਰਾਲੀ/ਮਾਜਰੀ, 21 ਅਕਤੂਬਰ 2021 - ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਫਤਿਹਪੁਰ ਟੱਪਰੀਆਂ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਕਿਸਾਨ ਟਰੇਨਿੰਗ ਕੈਂਪ ਲਗਾਇਆ ਗਿਆ।
ਇਸ ਮੌਕੇ ਖੇਤੀਬਾੜੀ ਅਫਸਰ ਬਲਾਕ ਮਾਜਰੀ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਜੋ ਕਿਸਾਨ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕਰਦੇ ਹਨ, ਉਨ੍ਹਾਂ ਨੂੰ ਯੂਰੋਮਿਨ ਲਿਕ (ਪਸ਼ੂ ਚਾਟ) ਵੰਡੀ ਗਈ ਹੈ। ਇਹ ਪਸ਼ੂ ਚਾਟ ਊਰਜਾ, ਪ੍ਰੋਟੀਨ ਅਤੇ ਧਾਤਾਂ ਦਾ ਸਰੋਤ ਹੈ, ਜਿਸ ਵਿੱਚ ਪਚਣਯੋਗ: 74.4 ਪ੍ਰਤੀਸ਼ਤ, ਕੱਚੀ ਪ੍ਰੋਟੀਨ: 41.0 ਫੀਸਦੀ, ਫੈਟ: 1.4 ਪ੍ਰਤੀਸ਼ਤ, ਐਨ.ਡੀ.ਐੱਫ: 11.0 ਪ੍ਰਤੀਸ਼ਤ, ਰੇਸ਼ਾ: 2.0 ਪ੍ਰਤੀਸ਼ਤ ਅਤੇ ਘੁਲਣਸ਼ੀਲਤਾ: 89.0 ਪ੍ਰਤੀਸ਼ਤ ਤੱਤ ਹਨ।
ਇਸ ਤੋਂ ਇਲਾਵਾ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਪਸ਼ੂ ਚਾਟ ਪਸ਼ੂਆਂ ਦੀ ਪਾਚਣ ਸ਼ਕਤੀ ਵਧਾਉਂਦੀ ਹੈ, ਬਿਮਾਰੀਆਂ ਤੋਂ ਬਚਾਉਂਦੀ ਹੈ, ਲਵੇਰੇ ਸੂਆ ਨਹੀਂ ਭੰਨਦੇ ਅਤੇ ਪਸ਼ੂ ਹਰਵਰਿਆਏ ਰਹਿੰਦੇ ਹਨ। ਇਹ ਚਾਟ ਛੇ ਮਹੀਨੇ ਤੋਂ ਘੱਟ ਉਮਰ ਦੇ ਕਟੜੂ ਅਤੇ ਵਛੜੂ ਨੂੰ ਨਾ ਪਾਈ ਜਾਵੇ। ਇਹ ਪਸ਼ੂ ਚਾਟ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਯੋਗਾਤਮਕ ਇਕਾਈ ਦਾ ਉਤਪਾਦ ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ।
ਇਸ ਮੌਕੇ ਆਤਮਾ ਸਕੀਮ ਦੀ ਡੀ.ਪੀ.ਡੀ. ਅਨੁਰਾਧਾ, ਜਸਵੰਤ ਸਿੰਘ, ਸਵਿੰਦਰ ਕੁਮਾਰ, ਸਿਮਰਨਜੀਤ ਕੌਰ ਏ.ਟੀ.ਐਮ. ਅਤੇ ਬਹੁਤ ਸਾਰੇ ਕਿਸਾਨ ਹਾਜ਼ਰ ਸਨ।