← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ/ਖੂਈਆਂ ਸਰਵਰ 21 ਅਕਤੂਬਰ ਡਿਪਟੀ ਕਮਿਸ਼ਨਰ ਫ਼ਾਜਿਲਕਾ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਖੂਈਆਂ ਸਰਵਰ ਵਿੱਚ ਬਣੇ ਵਾਟਰ ਵਰਕਸ 'ਚ 6 ਕਰੋਡ਼ 63 ਲੱਖ ਦੀ ਲਾਗਤ ਨਾਲ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਟਰ ਵਰਕਸ ਦੇ ਨਾਲ ਖੂਈਆਂ ਸਰਵਰ ਅਤੇ ਤੇਲੂਪੁਰਾ ਪਿੰਡ ਦੇ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਮੁਹੱਈਆ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਟਰ ਵਰਕਸ ਨੂੰ ਵੱਡਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਟਰ ਵਰਕਸ ਲਈ ਪੰਜਾਵਾ ਮਾਈਨਰ ਤੋਂ ਪਾਣੀ ਮੁਹੱਈਆ ਕਰਵਾਇਆ ਜਾਏਗਾ ਅਤੇ ਪਾਣੀ ਇਕੱਠਾ ਕਰਨ ਲਈ ਇਕ ਟੈਂਕ ਵੀ ਬਣਾਇਆ ਜਾਵੇਗਾ। ਇਕੱਠਾ ਹੋਇਆ ਨਹਿਰੀ ਪਾਣੀ ਸਾਫ ਕਰਨ ਲਈ ਇਕ ਅਲੱਗ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਅਤੇ ਪਾਣੀ ਸਾਫ ਹੋਣ ਤੋਂ ਬਾਅਦ ਉੱਚੀ ਟੈਂਕੀ ਵਿੱਚ ਇਕੱਠਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕੱਠਾ ਹੋਇਆ ਸਾਫ ਪਾਣੀ ਪਾਈਪ ਲਾਈਨਾਂ ਰਾਹੀਂ ਪਿੰਡ ਦੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਚਮਕ ਸਿੰਗਲਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਟੈਂਡਰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 12 ਮਹੀਨਿਆਂ ਵਿੱਚ ਇਹ ਵਾਟਰ ਵਰਕਸ ਤਿਆਰ ਹੋ ਜਾਵੇਗਾ ਅਤੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਵਾਟਰ ਵਰਕਸ ਵਿੱਚ ਵਾਧਾ ਹੋਣ ਨਾਲ 1214 ਘਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਖੂਈਆਂ ਸਰਵਰ ਅਤੇ ਤੇਲੂਪੁਰਾ ਪਿੰਡ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਇਸ ਵਾਟਰ ਵਰਕਸ ਨੂੰ ਸ਼ੁਰੂ ਕਰਵਾਇਆ ਜਾਵੇ ਅਤੇ ਹੁਣ ਇਸ ਵਾਟਰ ਵਰਕਸ ਨੂੰ ਬਣਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Total Responses : 936