ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਮੀਟਿੰਗਾਂ ਕੀਤੀਆਂ
ਅਸ਼ੋਕ ਵਰਮਾ
ਭਗਤਾ ਭਾਈ, 21ਅਕਤੂਬਰ2021: ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫਸਰ ਡਾ ਰਾਜਪਾਲ ਸਿੰਘ ਦੀ ਅਗਵਾਈ ਹੇਠ ਅੱਜ ਸਿਹਤ ਬਲਾਕ ਭਗਤਾ ਭਾਈ ਦੇ ਸਾਰੇ ਸਬ ਸੈਂਟਰਾਂ ਅਤੇ ਸਿਹਤ ਤੰਦਰੁਸਤੀ ਕੇਂਦਰਾਂ ਵਿਖੇ ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ।
ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਇਉਡੀਨ ਤੱਤ ਰਸਾਇਣ ਸਰੀਰ ਦੇ ਵਧਣ ਫੁੱਲਣ ‘ਚ ਬਹੁਤ ਮਹੱਤਵਪੂਰਨ ਹੈ। ਰੋਜਾਨਾ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਥਾਇਰਾਇਡ ਗਲੈਂਡ (ਗਲੇ ਦੀ ਗ੍ਰੰਥੀ) ਆਕਾਰ ਵਿੱਚ ਵੱਧ ਜਾਂਦੀ ਹੈ,ਜਿਸ ਨੂੰ ਗਿਲ੍ਹੜ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਆਇਓਡੀਨ ਦੀ ਘਾਟ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ। ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਤੱਤ ਦੀ ਘਾਟ ਹੋਣ ਨਾਲ ਗਰਭਪਾਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।
ਉਨ੍ਹਾਂ ਕਿਹਾ ਕਿ ਬੱਚੇ ਜਮਾਂਦਰੂ ਨੁਕਸ ਵਾਲੇ ਅਤੇ ਮਰਿਆ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵਜੰਮਿਆ ਬੱਚਾ ਗੂੰਗਾ, ਬੋਲਾ, ਸਰੀਰਕ ਵਿਕਾਰ, ਭੈਂਗਾਪਣ ਵਾਲਾ ਵੀ ਹੈ ਸਕਦਾ ਹੈ।ਕਮਿਊਨਿਟੀ ਹੈਲਥ ਅਫਸਰ ਨਵਰੂਪ ਕੌਰ ਨੇ ਦੱਸਿਆ ਕਿ ਸਮੁੰਦਰੀ ਪਾਣੀ ਤੋ ਤਿਆਰ ਕੀਤਾ ਨਮਕ ਤੇ ਸਮੁੰਦਰੀ ਮੱਛੀ ਇਸ ਦੇ ਮੁੱਖ ਸੋਮੇ ਹਨ। ਇਸ ਤੋਂ ਇਲਾਵਾ ਦੁੱਧ ਦਹੀ ਦੀ ਵਰਤੋਂ ਵੀ ਰੋਜਾਨਾ ਖੁਰਾਕ ਵਿੱਚ ਜਰੂਰ ਕਰਨੀ ਚਾਹੀਦੀ ਹੈ।
ਸਿਹਤ ਕਰਮਚਾਰੀ ਅਮਰਜੀਤ ਸਿੰਘ , ਸੁਰੇਸ਼ ਕੁਮਾਰ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਆਇਉਡੀਨ ਦੀ ਮਾਤਰਾ ਤੋਂ ਬਿਨਾਂ ਲੂਣ ਵੇਚਣ ਤੇ ਪਾਬੰਦੀ ਲਾ ਦਿਤੀ ਹੈ। ਉਨ੍ਹਾਂ ਖਰੀਦਿਆ ਲੂਣ ਛੇ ਮਹੀਨੇ ਵਿੱਚ ਵਰਤਣ । ਇਸਦੇ ਡੱਬੇ ਨੂੰ ਅੱਗ ਜਾਂ ਸਲ੍ਹਾਭੇ ਤੋਂ ਦੂਰ ਰੱਖਣ ਦੀ ਸਲਾਹ ਵੀ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਤੱਤ ਨਸ਼ਟ ਹੋ ਸਕਦੇ ਹਨ।ਜਾਗਰੂਕਤਾ ਮੀਟਿੰਗਾਂ ਵਿੱਚ ਹਸਪਤਾਲ ਇਲਾਜ ਕਰਵਾਉਣ ਆਏ ਮਰੀਜਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੇਂਗੂ ਤੋਂ ਬਚਾਅ ਲਈ ਵੀ ਜਾਣਕਾਰੀ ਦਿੱਤੀ ਗਈ ।