ਬਠਿੰਡਾ ਦੇ ਅਜੀਤ ਰੋਡ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ ਦੋ ਜ਼ਖਮੀ
ਅਸ਼ੋਕ ਵਰਮਾ
ਬਠਿੰਡਾ,21ਅਕਤੂਬਰ2021: ਬਠਿੰਡਾ ਦੇ ਹਮੇਸ਼ਾ ਭੀੜ ਭਾੜ ਅਤੇ ਰੌਣਕ ਵਾਲੇ ਇਲਾਕੇ ਅਜੀਤ ਰੋਡ ਦੀ ਗਲ਼ੀ ਨੰਬਰ ਛੇ ਵਿਚ ਹੋਈ ਅੰਨ੍ਹੇਵਾਹ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਮੁਢਲੇ ਤੌਰ ਤੇ ਸਾਹਮਣੇ ਆਏ ਤੱਥਾਂ ਮੁਤਾਬਕ ਇਹ ਘਟਨਾਂ ਦੋ ਧੜਿਆਂ ਦੀ ਆਪਸੀ ਰੰਜਿਸ਼ ਦਾ ਸਿੱਟਾ ਹੈ। ਗੋਲੀਆਂ ਦੀ ਅਵਾਜ਼ ਸੁਣਦਿਆਂ ਇਲਾਕੇ ’ਚ ਦਹਿਸ਼ਤ ਵਾਲਾ ਮਹੌਲ ਬਣਿਆ ਹੋਇਆ ਹੈ। ਇਸ ਮੌਕੇ ਜਦੋਂ ਲੋਕ ਬਾਹਰ ਆਏ ਤਾਂ ਦੇਖਿਆ ਕਿ ਇੱਕ ਦਰਜਨ ਦੇ ਕਰੀਬ ਨੌਜਵਾਨ ਇੱਕ ਵਿਅਕਤੀ ਦੀ ਬੁਰੀ ਤਰਾਂ ਕੁੱਟਮਾਰ ਕਰ ਰਹੇ ਹਨ। ਹਮਲਾਵਰਾਂ ਨੇ ਤਿੰਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹਮਲੇ ’ਚ ਬਾਰੂਦੀ ਹਥਿਆਰਾਂ ਤੋਂ ਇਲਾਵਾ ਲਾਠੀਆਂ ਅਤੇ ਨਲਕੇ ਦੀ ਹੱਥੀ ਦੀ ਵਰਤੋਂ ਕੀਤੀ ਗਈ।
ਇਸੇ ਦੌਰਾਨ ਜਦੋਂ ਭੀੜ ਵਧ ਗਈ ਤਾਂ ਹਮਲਾਵਰ ਆਪਣੀਆਂ ਕਾਰਾਂ ਤੇ ਫਰਾਰ ਹੋ ਗਏ। ਵਾਰਦਾਤ ਵਿਚ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੇ ਹਸਨਦੀਪ ਸਿੰਘ (30) ਦੀ ਮੌਤ ਹੋ ਗਈ। ਉਸ ਦੇ ਗੋਲ਼ੀ ਦਿਲ ਵਾਲੇ ਪਾਸੇ ਸੀਨੇ ਵਿਚ ਵੱਜੀ ਹੋਈ ਸੀ। ਮਿ੍ਰਤਕ ਦੇ ਦੋ ਸਾਥੀ ਪਿੰਡ ਜੰਡਾਂਵਾਲਾ ਦਾ ਬੂਟਾ ਸਿੰਘ ਦੀਆਂ ਲੱਤਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਅਤੇ ਬਾਅਦ ’ਚ ਤੇਜ਼ਧਾਰ ਹਥਿਆਰਾਂ ਨਾਲ ਲੱਤਾਂ ਅਤੇ ਦੋਵੇਂ ਹੱਥ ਤੋੜ ਦਿੱਤੇ। ਇਸ ਦੌਰਾਨ ਉੱਥੋਂ ਦੀ ਲੰਘਣ ਵਾਲਾ ਨੌਜਵਾਨ ਜਸਕਰਨ ਸਿੰਘ ਵਾਸੀ ਪੱਕਾ ਕਲਾਂ ਜਖਮੀ ਹੋ ਗਿਆ ਜਿਸ ਦੇ ਪੈਰ ’ਚ ਛਰ੍ਹਾ ਲੱਗਿਆ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ ਜਿਸ ਨੂੰ ਪੁਲੀਸ ਬਾਰੀਕੀ ਨਾਲ ਘੋਖ ਰਹੀ ਹੈ।
ਵਾਰਦਾਤ ਦਾ ਪਤਾ ਲੱਗਦਿਆਂ ਐਸ ਪੀ ਹੈਡਕੁਆਟਰ ਸੁਰਿੰਦਰਪਾਲ ਸਿੰਘ , ਐਸ ਪੀ ਸਿਟੀ ਜਸਪਾਲ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਮੌਕੇ ਤੇ ਪੁੱਜ ਗਈ। ਮਿ੍ਰਤਕ ਹਸਨਦੀਪ ਸਿੰਘ ਦੇ ਦੋਸਤ ਪਰਵਿੰਦਰ ਨੇ ਦੱਸਿਆ ਕਿ ਹਸਨ ਨੇ ਉਸਨੂੰ ਫੋਨ ਕਰਕੇ ਬੁਲਾਇਆ ਸੀ। ਜਦੋਂ ਉਹ ਇੱਥੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਹਮਲਾਵਰ ਹਸਨ ਨੂੰ ਗੋਲੀ ਮਾਰਨ ਤੋਂ ਬਾਅਦ ਬੂਟਾ ਸਿੰਘ ਨੂੰ ਮਾਰ ਰਹੇ ਸਨ ਜੋਕਿ ਲੋਕਾਂ ਨੂੰ ਦੇਖ ਕੇ ਭੱਜ ਗਏ। ਉਸ ਨੇ ਦੱਸਿਆ ਕਿ ਬਿੱਲਾ ਭੋਖੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਅਪਰਾਧ ਕੀਤਾ ਹੈ। ਐਸਪੀ (ਐਚ) ਸੁਰਿੰਦਰਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਪੜਤਾਲ ਉਪਰੰਤ ਹੀ ਜਾਣਕਾਰੀ ਦੇ ਸਕੇਗੀ।