ਪਟਿਆਲਾ :ਮਨਰੇਗਾ ਚ ਭ੍ਰਿਸ਼ਟਾਚਾਰ ਹਜ਼ਾਰਾਂ ਮਨਰੇਗਾ ਮਜ਼ਦੂਰ ਪਹੁੰਚੇ ਡੀ ਸੀ ਦਫਤਰ ਕੀਤਾ ਵਿਰੋਧ
ਜੀ ਐਸ ਪੰਨੂ
- "ਗੈਰ ਕਾਨੂੰਨੀ ਤਰੀਕੇ ਨਾਲ ਮਨਰੇਗਾ ਅਧਿਕਾਰੀਆਂ ਨੇ ਕਿਸਾਨ ਮਜ਼ਦੂਰ ਚ ਪਾੜਾ ਪਾਉਣ ਦਾ ਕੰਮ ਕੀਤਾ"
ਪਟਿਆਲਾ, 21 ਅਕਤੂਬਰ,2021 - ਪਟਿਆਲਾ ਜ਼ਿਲ੍ਹੇ ਚੋ ਨਾਭਾ, ਸਮਾਣਾ, ਪਟਿਆਲਾ ਦਿਹਾਤੀ,ਸਨੌਰ ,ਘਨੌਰ , ਰਾਜਪੁਰਾ ਤੋਂ ਹਜ਼ਾਰਾਂ ਮਨਰੇਗਾ ਮਜ਼ਦੂਰ ਅੱਜ ਪਟਿਆਲਾ ਡੀ ਸੀ ਦਫਤਰ ਪਹੁੰਚੇ ਅਤੇ ਮਨਰੇਗਾ ਚ ਕਥਿਤ ਭ੍ਰਿਸ਼ਟਾਚਾਰ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਚ ਲਿਖਿਆ ਕਿ ਅਮੂਮਨ ਪ੍ਰਸ਼ਾਸਨ ਵੱਲੋ ਕਾਨੂੰਨ ਲਾਗੂ ਕਰਨ ਲਈ ਜੱਦੋ ਜਹਿਦ ਕਰਨੀ ਪੈਂਦੀ ਹੈ ਪਰ ਇਥੇ ਉਲਟ ਹੈ। ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਮਜ਼ਦੂਰ,ਮਨਰੇਗਾ ਕਾਨੂੰਨ ਅਨੁਸਾਰ ਕੰਮ ਕਰਨ ਦੀ ਬੇਨਤੀਆਂ ਕਰ ਕਰ ਥੱਕ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਇਖਤਿਆਰ ਕਰਨਾ ਪੈ ਰਿਹਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਸੂਬਾ ਪ੍ਰਧਾਨ ਰਾਜਕੁਮਾਰ ਕਨਸੂਹਾ ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ ਨੇ ਕਿਹਾ ਕਿ ਜੋ ਮਜ਼ਦੂਰ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰਸ਼ਾਸਨ ਪ੍ਰਤਾੜਿਤ ਕਰਦਾ ਹੈ ਅਤੇ ਫਰਜ਼ੀਵਾੜੇ ਰਾਹੀਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸਦੇ ਉਲਟ ਮਜ਼ਦੂਰਾਂ ਵੱਲੋ ਮੰਗੇ ਸਮੇ ਤੇ ਕੰਮ ਨਾ ਦੇਕੇ ਫਸਲ ਦੇ ਦਿਨਾਂ ਚ ਪ੍ਰਸ਼ਾਸਨ ਗੈਰ ਕਾਨੂੰਨੀ ਤਰੀਕੇ ਨਾਲ ਬਿਨਾਂ ਮੰਗ ਤੋਂ ਕੰਮ ਕਰਨ ਲਈ ਮਜ਼ਦੂਰਾਂ ਤੇ ਦਬਾਅ ਬਣਾਉਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਲਗਦਾ ਹੈ ਕਿ ਮਨਰੇਗਾ ਕਾਰਨ ਉਨ੍ਹਾਂ ਨੂੰ ਖੇਤ ਵਿੱਚ ਮਜ਼ਦੂਰ ਨਹੀਂ ਲੱਭਦੇ।
ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲਾਡੀ ,ਗੁਰਤੇਜ ਸਿੰਘ ਸਮਾਣਾ, ਕ੍ਰਿਸ਼ਨ ਸਿੰਘ ਲੁਬਾਣਾ, ਭੋਲਾ ਸਿੰਘ ਘਾਸੀਵਾਲਾ ,ਸੁਖਵਿੰਦਰ ਕੌਰ ,ਰਾਣੀ ਕੌਰ ਢੈਂਠਲ , ਰਾਜ ਕੌਰ ਥੂਹੀ ,ਆਸਾ ਰਾਣੀ ਪੇਧਨੀ ,ਮਨਦੀਪ ਕੌਰ ਧਾਰੋਂਕੀ ,ਕਿਰਨਜੀਤ ਕੌਰ , ਮਨਜੀਤ ਕੌਰ ਖਦਾਦਪੁਰਾ ,ਜੀਤੋ ਕੌਰ ਕਕਰਾਲਾ ਭਾਈਕਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੈਂਕੜੇ ਸ਼ਿਕਾਇਤਾਂ ਭੇਜਣ ਦੇ ਬਾਵਜੂਦ ਕਿਸੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਜੋ ਕਿ ਇਹ ਦਰਸ਼ਾਉਂਦਾ ਹੈ ਕਿ ਵੱਡੇ ਅਫਸਰ ਵੀ ਇਸ ਧਾਂਦਲੀ ਵਿਚ ਮੋਢੇ ਨਾਲ ਮੋਢਾ ਲਾ ਕੇ ਭ੍ਰਿਸ਼ਟ ਅਧਿਕਾਰੀਆਂ ਦੀ ਰੱਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਖਣਾ ਇਹ ਹੈ ਕਿ ਹੁਣ ਆਪਣੇ ਆਪ ਨੂੰ ਆਮ ਦੱਸਣ ਵਾਲੇ ਵਿਧਾਇਕ ਉਨ੍ਹਾਂ ਦੀ ਉਮੀਦ ਤੇ ਖਰਾ ਉੱਤਰਦੇ ਹਨ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਅਖਬਾਰਾਂ ਵਿੱਚ ਸਮੇ ਸਮੇ ਤੇ ਮੁਰਦਿਆਂ ਨੂੰ ਮਨਰੇਗਾ ਦੀ ਮਜ਼ਦੂਰੀ ਦੇਣ, ਕਿਸੇ ਦੀ ਮਜ਼ਦੂਰੀ ਕਿਸੇ ਦੇ ਖਾਤੇ ਪਾਉਣ, ਕੰਮ ਨਾ ਦੇਣ, ਨਿਯੁਕਤੀ ਪੱਤਰ ਨਾ ਦੇਣ, ਆਦਿ ਸਮੱਸਿਆਵਾਂ ਸੰਬੰਧੀ ਖ਼ਬਰਾਂ ਲਗਦੀਆਂ ਰਹੀਆਂ ਹਨ ਪਰ ਸਰਕਾਰ ਦਾ ਮਜ਼ਦੂਰ ਨੂੰ ਮਨੁੱਖ ਨਾ ਮੰਨਣ ਵਾਲਾ ਰਵੱਈਆ ਜਾਰੀ ਰਿਹਾ। ਇਸ ਸੰਬੰਧੀ ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਵੱਲੋ ਮੁੱਖ ਮੰਤਰੀ ਦੇ ਨਾਮ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਕਰਨ ਲਈ 17 ਮੰਗਾਂ ਅੱਗੇ ਰੱਖੀਆਂ ਜੋ ਕਿ ਵੈਸੇ ਵੀ ਮਨਰੇਗਾ ਕਾਨੂੰਨ ਮੁਤਾਬਿਕ ਅਧਿਕਾਰੀਆਂ ਵੱਲੋ ਕੀਤੀਆਂ ਜਾਣੀਆਂ ਲਾਜ਼ਮੀ ਹੀ ਹਨ। ਮੈਡਮ ਜਸਲੀਨ ਕੌਰ ਭੁੱਲਰ ਨੇ ਡੀ ਸੀ ਦਫ਼ਤਰ ਪਟਿਆਲਾ ਵੱਲੋਂ ਧਰਨੇ ਵਾਲੀ ਥਾਂ ਤੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਪੰਚਾਇਤ ਮੰਤਰੀ ਜਾਂ ਪ੍ਰਿੰਸੀਪਲ ਸੈਕਟਰੀ ਨਾਲ ਦੋ ਦਿਨਾਂ ਦੇ ਅੰਦਰ ਅੰਦਰ ਪੈਨਲ ਮੀਟਿੰਗ ਤੈਅ ਕਰਵਾ ਦਿੱਤੀ ਜਾਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਆਈਡੀਪੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ,ਸੂਬਾ ਦਰਸ਼ਨ ਸਿੰਘ ਧਨੇਠਾ , ਕਰਮ ਸਿੰਘ ਵਜੀਦਪੁਰ, ਰਾਜਿੰਦਰਪਾਲ ਪਾਤੜਾਂ , ਨਿਸ਼ਾਨ ਸਿੰਘ ਆਦਿ ਨੇ ਸੰਬੋਧਨ ਕੀਤਾ ।