ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਇੰਦਰਜੀਤ ਧਾਮੀ ਦੇ 75ਵੇਂ ਜਨਮ ਦਿਨ ‘ਤੇ ਰਚਾਈ ਕਾਵਿ ਮਹਿਫ਼ਿਲ
ਹਰਦਮ ਮਾਨ
ਸਰੀ, 21 ਅਕਤੂਬਰ 2021-ਗ਼ਜ਼ਲ ਮੰਚ ਸਰੀ ਵੱਲੋਂ ਮਹਿਬੂਬ ਸ਼ਾਇਰ ਇੰਦਰਜੀਤ ਧਾਮੀ ਦੇ 75ਵੇਂ ਜਨਮ ਦਿਨ ਉਪਰ ਵਿਸ਼ੇਸ਼ ਕਾਵਿ ਮਹਿਫ਼ਿਲ ਰਚਾਈ ਗਈ। ਮਹਿਫ਼ਿਲ ਦਾ ਸੰਚਾਲਨ ਕਰਦਿਆਂ ਸ਼ਾਇਰ ਕਵਿੰਦਰ ਚਾਂਦ ਨੇ ਇੰਦਰਜੀਤ ਧਾਮੀ ਦੀ ਕਵਿਤਾ, ਖ਼ਿਆਲ ਅਤੇ ਗਹਿਰੇ ਕਾਵਿ ਅਨੁਭਵ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਧਾਮੀ ਦੀ ਕਾਵਿ ਉਡਾਰੀ ਦਾ ਬ੍ਰਹਿਮੰਡ ਬੇਹੱਦ ਵਿਸ਼ਾਲ ਹੈ।
ਇਸ ਮੌਕੇ ਇੰਦਰਜੀਤ ਧਾਮੀ ਨੇ ਆਪਣੀ ਜ਼ਿੰਦਗੀ ਦਾ ਸਫਰ ਸਾਂਝਾ ਕੀਤਾ। ਉਨ੍ਹਾਂ ਬਚਪਨ ਦੀਆਂ ਯਾਦਾਂ, ਕਾਲਜ ਦੇ ਰੰਗੀਨ ਸੁਪਨੇ ਅਤੇ ਫਿਰ ਫੌਜੀ ਵਰਦੀ ਦੇ ਅਹਿਸਾਸ ਨਾਲ ਸਾਂਝ ਪੁਆਈ। ਸ਼ਾਇਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਲਾ ਨਾਲ ਨਾਤੇ ਕਦੇ ਦੁਨਿਆਵੀ ਪੱਧਰ ਤੇ ਗੰਢੇ ਨਹੀਂ ਜਾਂਦੇ ਸਗੋਂ ਇਹ ਬ੍ਰਹਿੰਮਡੀ ਸਤਰ ਦੇ ਗੰਢੇ ਹੁੰਦੇ ਹਨ। ਕਦੇ ਕਦੇ ਕਲਾ ਇਕ ਗਿਆਨ ਜਾਂ ਹੁਨਰ ਨਾ ਹੋ ਕੇ ਮੈਨੂੰ ਇਕ ਬਟੂਏ ਵਾਂਗ ਜਾਪਦੀ ਹੈ, ਜਿਸ ਵਿਚ ਲੇਖਕ ਨੇ ਸ਼ਬਦ ਸਿਰਜਣਾ ਦੀ ਕਮਾਈ ਆਪ ਪਾਉਣੀ ਹੁੰਦੀ ਹੈ। ਉਨ੍ਹਾਂ ਆਪਣੀਆਂ ਦੋ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਮਹਿਫ਼ਿਲ ਵਿਚ ਹਾਜਰ ਨਾਮਵਰ ਸ਼ਾਇਰ ਜਸਵਿੰਦਰ ਨੇ ਆਪਣੇ ਖੂਬਸੂਰਤ ਦੋਹਿਆਂ ਰਾਹੀਂ ਆਪਣੇ ਵਿਸ਼ਾਲ ਅਤੇ ਗਹਿਰੇ ਕਾਵਿ ਅਨੁਭਵ ਦਾ ਪ੍ਰਗਟਾਵਾ ਕੀਤਾ। ਸ਼ਾਇਰ ਰਾਜਵੰਤ ਰਾਜ ਨੇ ਬਹੁਤ ਪਿਆਰੀ ਗ਼ਜ਼ਲ ਕਹੀ, ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਪ੍ਰੀਤ ਮਨਪ੍ਰੀਤ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਦਸ਼ਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਦਵਿੰਦਰ ਗੌਤਮ ਨੇ ਆਪਣੀਆਂ ਪਿਆਰੀਆਂ ਗ਼ਜ਼ਲਾਂ ਰਾਹੀਂ ਮਹਿਫ਼ਿਲ ਨੂੰ ਸ਼ਿੰਗਾਰਿਆ ਅਤੇ ਇੰਦਰਜੀਤ ਧਾਮੀ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਿਆਂ ਉਨ੍ਹਾਂ ਦੀ ਲੰਮੇਰੀ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।
ਇਸ ਮੌਕੇ ਬੈਲਜੀਅਮ ਰਹਿੰਦੀ ਪੰਜਾਬੀ ਸ਼ਾਇਰਾ ਜੀਤ ਸੁਰਜੀਤ ਦਾ ਗ਼ਜ਼ਲ ਸੰਗ੍ਰਹਿ “ਕਾਗਜ਼ੀ ਕਿਰਦਾਰ” ਅਤੇ ਨਾਮਵਰ ਗ਼ਜ਼ਲਗੋ ਵਿਜੇ ਵਿਜੇਕ ਦਾ ਗ਼ਜ਼ਲ ਸੰਗ੍ਰਹਿ “ਛਿਣ ਭੰਗਰ ਵੀ ਕਾਲਾਤੀਤ ਵੀ” ਰਿਲੀਜ਼ ਕੀਤੀਆਂ ਗਈਆਂ ਅਤੇ ਮੰਚ ਵੱਲੋਂ ਇਨ੍ਹਾਂ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com