ਮਨਿਸਟੀਰੀਅਲ ਮੁਲਾਜਮਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫਤਰ ਸੰਗਰੂਰ ਅੱਗੇ ਰੋਸ ਭਰਪੂਰ ਗੇਟ ਰੈਲੀ
ਦਲਜੀਤ ਕੌਰ ਭਵਾਨੀਗੜ੍ਹ
- ਸਰਕਾਰ ਵੱਲੋਂ ਮੁਲਾਜਮ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਕਾਰਨ ਮੁਲਾਜਮਾਂ ਅੰਦਰ ਭਾਰੀ ਰੋਸ
ਸੰਗਰੂਰ, 21 ਅਕਤੂਬਰ, 2021: ਅੱਜ ਜਿਲਾ ਖਜ਼ਾਨਾ ਦਫ਼ਤਰ ਸੰਗਰੂਰ ਵਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ਼ ਵੱਜੋਂ ਕਲਮਛੋੜ ਹੜਤਾਲ ਦੌਰਾਨ ਸੈਂਕੜੇ ਮੁਲਾਜਮਾਂ ਵੱਲੋਂ ਇਕੱਠੇ ਹੋ ਕੇ ਰੋਸ ਭਰਪੂਰ ਗੇਟ ਰੈਲੀ ਕਰਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਵੱਲੋਂ ਸੰਬੋਧਨ ਦੌਰਾਨ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਭਰੇ ਲਹਿਜੇ ਵਿੱਚ ਮੁਲਾਜਮ ਮੰਗਾਂ ਤੁਰੰਤ ਪੂਰੀਆਂ ਕਰਨ ਲਈ ਜ਼ੋਰ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸਰਪ੍ਰਸਤ ਬਲਵਿੰਦਰ ਕੌਰ ਸੋਹੀ, ਪਰਮਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਤਰਸੇਮ ਭੱਠਲ ਪ੍ਰਧਾਨ ਜਿਲਾ ਬਰਨਾਲਾ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਨਵੀਨ ਪ੍ਰਾਸ਼ਰ ਵਿੱਤ ਸਕੱਤਰ ਆਦਿ ਵੱਲੋਂ ਸੰਬੋਧਨ ਦੌਰਾਨ ਸਰਕਾਰ ਨੂੰ ਲਾਰੇ ਲੱਪੇ ਵਾਲੀ ਨੀਤੀ ਬੰਦ ਕਰਕੇ ਮੁਲਾਜਮਾਂ ਦੀਆਂ ਭਖਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰਨੇ ਚਾਹੀਦੇ ਹਨ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਆਮ ਲੋਕਾਂ ਅਤੇ ਮੁਲਾਜਮਾਂ ਦਾ ਵਿਸ਼ਵਾਸ਼ ਮੁੜ ਤੋਂ ਜਿੱਤਣਾ ਸਰਕਾਰ ਲਈ ਅਸੰਭਵ ਹੋਵੇਗਾ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪਵੇਗਾ।
ਇਸ ਗੇਟ ਰੈਲੀ ਮੌਕੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਜਗਦੀਸ਼ ਸ਼ਰਮਾ, ਪ੍ਰੀਤਮ ਸਿੰਘ ਧੂਰਾ ਜ਼ਿਲ੍ਹਾ ਪ੍ਰਧਾਨ, ਜੀਤ ਸਿੰਘ ਢੀਂਡਸਾ ਬਲਾਕ ਪ੍ਰਧਾਨ ਆਦਿ ਵੱਲੋਂ ਵੀ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਮੁੱਚਾ ਪੈਨਸ਼ਨਰ ਵਰਗ ਮਨਿਸਟੀਰੀਅਲ ਮੁਲਾਜਮਾਂ ਦੀ ਕਲਮ ਛੋੜ ਹੜਤਾਲ ਦਾ ਸਮਰਥਨ ਕਰਦਾ ਹੈ ਅਤੇ ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਮਨਿਸਟੀਰੀਅਲ ਜਥੇਬੰਦੀ ਦੇ ਹਰੇਕ ਸੰਘਰਸ਼ ਵਿੱਚ ਪੈਨਸ਼ਨਰ ਵਰਗ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ। ਉਨ੍ਹਾਂ ਕਿਹਾ ਕਿ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵੱਜੋਂ ਸਰਕਾਰ ਦੇ ਹਰੇਕ ਨੁੰਮਾਇੰਦੇ ਨੂੰ ਲੋਕ ਕਟਿਹਰੇ ਵਿੱਚ ਇਸ ਦਾ ਜਵਾਬ ਦੇਣਾ ਜਾਵੇਗਾ।
ਜਿਕਰਯੋਗ ਹੈ ਕਿ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸਰਕਾਰ ਵੱਲੋਂ ਕੀਤੇ ਵਾਧੇ ਨੂੰ ਨਿਗੂਣਾ ਵਾਧਾ ਦੱਸਦਿਆਂ ਮੁਲਾਜਮਾਂ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਧੋਖਾ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਨਾ, ਸਟੈਨੋਗਰਾਫਰ ਦੀ ਪ੍ਰਮੋਸ਼ਨ ਸਬੰਧੀ ਆਦਿ ਮੁੱਖ ਮੰਗਾਂ ਮੰਗ ਪੱਤਰ ਵਿੱਚ ਸ਼ਾਮਿਲ ਹਨ।
ਇਹਨਾਂ ਉਪਰੋਕਤ ਮੰਗਾਂ ਦੀ ਪੂਰਤੀ ਲਈ ਮਨਿਸਟੀਰੀਅਲ ਮੁਲਾਜਮ ਪਿਛਲੇ ਲੰਬੇ ਸੰਘਰਸ਼ ਦੇ ਰਾਹ ਤੇ ਹਨ ਅਤੇ ਸਰਕਾਰ ਵੱਲੋਂ ਇਹਨਾਂ ਮੰਗਾਂ ਪ੍ਤੀ ਅਪਣਾਈ ਬੇਰੁਖੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।