ਲਖੀਮਪੁਰ ਖਿਰੀ ’ਚ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਹੋਣਗੀਆਂ ਜਲ ਪ੍ਰਵਾਹ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 21 ਅਕਤੂਬਰ, 2021: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਟੋਲ ਪਲਾਜ਼ਾ ਕਾਲਾਝਾੜ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਹੋਈ।
ਇਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂ. ਪੀ. ਦੀ ਯੋਗੀ ਸਰਕਾਰ ਵੱਲੋਂ ਲਖੀਮਪੁਰ ਖਿਰੀ ਦੇ ਜਿਨ੍ਹਾਂ ਕਿਸਾਨਾਂ ’ਤੇ ਗੱਡੀ ਚੜ੍ਹਾ ਕੇ ਮਾਰ ਦਿੱਤਾ ਗਿਆ ਸੀ, ਉਨ੍ਹਾਂ ਦੀਆਂ ਅਸਥੀਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਇਸ ਸਬੰਧੀ ਕਿਸਾਨਾਂ ਦਾ ਕਾਫਲਾ ਸ਼ੁੱਕਰਵਾਰ ਨੂੰ ਟੋਲ ਪਲਾਜਾ ਕਾਲਾਝਾੜ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗਾ ਅਤੇ 23 ਤਾਰੀਖ ਨੂੰ ਠੇਕਾ ਮੁਲਾਜ਼ਮ ਸ਼ੰਘਰਸ ਮੋਰਚੇ ਦੀ ਹਮਾਇਤ ’ਤੇ ਵੱਡੀ ਗਿਣਤੀ ਵਿਚ ਕਿਸਾਨ ਜਾਣਗੇ ਅਤੇ ਹਰੇਕ ਐਤਵਾਰ ਦੀ ਤਰ੍ਹਾਂ 24 ਤਾਰੀਖ ਨੂੰ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਨੂੰ ਕੂਚ ਕਰਨਗੇ।
ਇਸ ਮੌਕੇ ਯੂਨੀਅਨ ਵੱਲੋਂ ਨਰਮੇ ਦੀ ਹੋਈ ਬਰਬਾਦੀ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਅੱਗੇ ਲਗਾਏ ਦਿਨ ਰਾਤ ਦੇ ਮੋਰਚੇ ਨੂੰ ਤਿੱਖਾ ਕਰਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ।
ਇਸ ਮੌਕੇ ਮੀਟਿੰਗ 'ਚ ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਜੱਟਾਂ, ਜਗਤਾਰ ਸਿੰਘ ਲੱਡੀ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਅਤੇ ਮਾਵਾਂ-ਭੈਣਾਂ ਹਾਜ਼ਰ ਸਨ।