ਡਿਪੂ ਹੋਲਡਰਾਂ ਵੱਲੋਂ ਅਕਾਲੀ ਆਗੂ ਅਨਿਲ ਜੋਸ਼ੀ ਖਿਲਾਫ਼ ਨਾਅਰੇਬਾਜ਼ੀ
ਡਿਪੂ ਹੋਲਡਰਾਂ ਨੂੰ ਘੱਟੋ ਘੱਟ ਦਰਜ਼ਾ ਚਾਰ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਵੇ ਸਰਕਾਰ: ਮੁਕੇਸ਼ ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਭਵਾਨੀਗੜ੍ਹ, 22 ਅਕਤੂਬਰ, 2021: ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਇਕਾਈ ਬਲਾਕ ਭਵਾਨੀਗਡ਼੍ਹ ਦੀ ਮੀਟਿੰਗ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਮੁਕੇਸ਼ ਸਿੰਗਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਿਛਲੇ ਦਿਨੀਂ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵੱਲੋਂ ਡਿਪੂ ਹੋਲਡਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਜੋਸ਼ੀ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਅਕਾਲੀ ਦਲ ਨੂੰ ਅਲਟੀਮੇਟਮ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਅਨਿਲ ਜੋਸ਼ੀ ਨੇ ਪੰਜਾਬ ਦੇ ਡਿਪੂ ਹੋਲਡਰਾਂ ਤੋਂ ਮੁਆਫੀ ਨਾ ਮੰਗੀ ਤਾਂ ਆਉਂਦੇ ਦਿਨਾਂ ਵਿਚ ਅਨਿਲ ਜੋਸ਼ੀ ਦੇ ਪੁਤਲੇ ਫੂਕਣ ਤੋਂ ਇਲਾਵਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਯੋਜਨਾ ਵਾਲੀ ਮੁਫ਼ਤ ਵੰਡੀ ਕਣਕ ਦਾ ਕਮਿਸ਼ਨ ਅਤੇ ਡਿਪੂ ਹੋਲਡਰਾਂ ਦੇ ਕਮਿਸ਼ਨ ਵਿਚ ਵਾਧਾ ਕਰਨ ਦੇ ਵਾਅਦੇ ਨੂੰ ਵੀ ਜਲਦ ਪੂਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਪਿਛਲੇ ਸਾਲਾਂ ਦਾ ਲੋਡਿੰਗ ਅਤੇ ਅਨਲੋਡਿੰਗ ਦਾ ਬਕਾਇਆ ਤੁਰੰਤ ਜਾਰੀ ਕਰਨ, ਕਣਕ ਵੰਡਣ ਵਾਲੀ ਮਸ਼ੀਨ ਹਰ ਇੱਕ ਡਿਪੂ 'ਤੇ ਵੱਖਰੀ ਵੱਖਰੀ ਦੇਣ, ਸਤੰਬਰ/ਅਕਤੂਬਰ ਮਹੀਨੇ ਵਿਚ ਵੰਡੀ ਮੁਫ਼ਤ ਵਾਲੀ ਕਣਕ ਵਿਚ ਸਰਕਾਰ ਵੱਲੋਂ ਕੀਤੀ ਸੱਤ ਫੀਸਦੀ ਕਟੌਤੀ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਮੁਕੇਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਡਿਪੂ ਹੋਲਡਰਾਂ ਨੂੰ ਘੱਟੋ ਘੱਟ ਦਰਜਾ ਚਾਰ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਵੇ।
ਇਸ ਮੌਕੇ ਯੂਨੀਅਨ ਦੇ ਮਨਿੰਦਰ ਸਿੰਘ ਬੱਬੀ, ਅਵਨੀਸ਼ ਕੁਮਾਰ, ਮੱਖਣ ਸਿੰਘ, ਬਚਨ ਦਾਸ, ਆਤਮ ਪ੍ਰਕਾਸ਼, ਸੰਜੀਵ ਕੁਮਾਰ, ਦੀਦਾਰ ਸਿੰਘ, ਸ਼ੰਕਰ ਲਾਲ ਧਵਨ, ਹਰਮੇਲ ਸਿੰਘ ਕਾਲਾਝਾੜ, ਜਗਤਾਰ ਸਿੰਘ ਘਰਾਚੋਂ, ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੀਪੂ ਹੋਲਡਰ ਹਾਜ਼ਰ ਸਨ।