ਤਿਉਹਾਰੀ ਸੀਜ਼ਨ ਦੌਰਾਨ ਬਜ਼ਾਰਾਂ ਚ ਘੁੰਮਦੇ ਖੂੰਖਾਰ ਪਸ਼ੂਆਂ ਦੀ ਭਰਮਾਰ ਨਾਲ ਲੋਕਾਂ ਚ ਦਹਿਸ਼ਤ
ਦੁਕਾਨਦਾਰਾਂ ਨੇ ਕੀਤੀ ਖੂੰਖਾਹ ਸਾਨ੍ਹਾਂ ਤੇ ਗਊਆਂ ਨੂੰ ਨਕੇਲ ਪਾਉਣ ਦੀ ਮੰਗ
ਸਰਬਜੀਤ ਸਿੰਘ,ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 22 ਅਕਤੂਬਰ 2021- ਸ਼ਹਿਰ ਅਤੇ ਆਸਪਾਸ ਇਲਾਕੇ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਨਾਲ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਸ਼ਹਿਰ ਵਿਚ ਖਰੀਦਦਾਰੀ ਲਈ ਜਿੱਥੇ ਲੋਕਾਂ ਦਾ ਆਉਣਾ ਜਾਣਾ ਵੱਧ ਗਿਆ ਹੈ, ਉਥੇ ਹੀ ਸਡ਼ਕਾਂ ਦੇ ਵਿਚ ਬੈਠੇ ਲਾਵਾਰਿਸ ਪਸ਼ੂ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਆਲਮ ਇਹ ਹੈ ਕਿ ਰੂਪਨਗਰ ਸ਼ਹਿਰ ਅਤੇ ਪੂਰੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਲਾਵਾਰਿਸ ਸਾਨ੍ਹ, ਗਊਆਂ ਘੁੰਮ ਰਹੀਆਂ ਹਨ ਅਤੇ ਝੂੰਡਾਂ ਦੇ ਰੂਪ ਵਿਚ ਗਲੀ ਮੁਹੱਲਿਆਂ ਵਿਚ ਚੌਕਾਂ ਤੇ ਬੈਠੇ ਰਹਿੰਦੇ ਹਨ। ਕਈ ਵਾਰ ਸਾਨ੍ਹਾਂ ਵਲੋਂ ਲੋਕਾਂ ਨੂੰ ਜ਼ਖਮੀ ਵੀ ਕੀਤਾ ਜਾ ਚੁੱਕਿਆ ਹੈ। ਸਥਾਨਕ ਪ੍ਸ਼ਾਸਨ ਵਲੋਂ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਲਈ ਕੋਈ ਵੀ ਮੁਹਿੰਮ ਨਹੀਂ ਚਲਾਈ ਜਾ ਰਹੀ ਹੈ। ਜਿਸ ਕਾਰਨ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੋਣ ਨਾਲ ਸਥਾਨਕ ਲੋਕਾਂ ਤੋਂ ਇਲਾਵਾ ਬਜਾਰ ਵਿਚ ਦੁਕਾਨਦਾਰ ਵੀ ਦੁੱਖੀ ਹਨ। ਬਜਾਰ ਵਿਚ ਲਾਵਿਰਸ ਸਾਨ੍ਹਾਂ ਵਲੋਂ ਲੋਕਾਂ ਤੇ ਹਮਲਾ ਕਰਨ ਨਾਲ ਦਹਿਸ਼ਤ ਦਾ ਮਾਹੌਲ ਵੀ ਬਣ ਰਿਹਾ ਹੈ।
ਪ੍ਸ਼ਾਸਨ ਲਵਾਰਿਸ ਪਸ਼ੂਆਂ ਨੂੰ ਕਾਬੂ ਕਰੇ – ਸੰਦੀਪ ਜੋਸ਼ੀ
ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਜੋਸ਼ੀ ਨੇ ਕਿਹਾ ਪ੍ਰਸ਼ਾਸਨ ਸ਼ਹਿਰ ਅਤੇ ਇਲਾਕੇ ਵਿਚ ਘੁੰਮ ਰਹੇ ਲਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਚ ਫੇਲ੍ਹ ਰਿਹਾ ਹੈ। ਸੰਦੀਪ ਜੋਸ਼ੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕਰਨੀ ਚਾਹੀਦੀ ਕਿ ਸ਼ਹਿਰ ਅਤੇ ਇਲਾਕੇ ਵਿਚ ਘੁੰਮ ਰਹੇ ਲਵਾਰਿਸ ਪਸ਼ੂਆਂ ਨੂੰ ਜਲਦੀ ਕਾਬੂ ਕਰਕੇ ਸਥਾਨਕ ਗਊਸ਼ਾਲਾ ਵਿਚ ਭੇਜੇ । ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਵਿਚ ਕਿਸੇ ਦਾ ਲਾਵਿਰਸ ਪਸ਼ੂਆਂ ਕਾਰਨ ਜਾਨੀ ਨੁਕਸਾਨ ਨਾ ਹੋ ਸਕੇ।