ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸ਼ੀਏਸ਼ਨ ਨੇ ਸਰਕਾਰ ਦੇ ਖਿਲਾਫ ਦਿੱਤਾ ਧਰਨਾ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 22 ਅਕਤੂਬਰ 2021 - ਗੈਸਟ ਫੈਕਲਿਟੀ ਐਸੋਸ਼ੀਏਸਨ ਦੇ ਪ੍ਰਧਾਨ ਪ੍ਰੋ.ਸੁਖਜੀਤ ਸਿੰਘ ਪ੍ਰਧਾਨ ਸਰਕਾਰੀ ਬਰਜਿੰਦਰਾ ਕਾਲਜ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵਲੋਂ 18-20 ਸਾਲਾਂ ਤੋ ਚਲਾ ਰਹੀ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਰੋਜ਼ਗਾਰ ਨੂੰ ਖੋਹਣ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਅੱਜ ਸਹਾਇਕ ਪ੍ਰੋਫ਼ੈਸਰ ਗੈਸਟ ਫ਼ੈੱਕਲਟੀ ਐਸੋਸੀਏਸ਼ਨ ਪੰਜਾਬ ਵਲੋਂ ਡਾ. ਰਵਿੰਦਰ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਇਸ ਫ਼ੈਸਲੇ ਦੀ ਕਰੜੇ ਸਬਦਾਂ 'ਚ ਨਿਖੇਧੀ ਕੀਤੀ ਗਈ ਹੈ | ਅੱਜ ਸਰਕਾਰੀ ਬਰਜਿੰਦਰਾ ਕਾਲਜ 'ਚ ਸਹਾਇਕ ਪ੍ਰੋਫ਼ੈਸਰਾਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਨਾਅਰਾ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ 'ਚ ਧੱਕੇ ਖਾਣ ਲਈ ਮਜ਼ਬੂਰ ਕਰ ਰਹੀ ਹੈ ਅਤੇ ਦੂਜੇ ਪਾਸੇ ਜਿਹੜੇ ਨੌਜਵਾਨ ਮੁਲਾਜ਼ਮ ਸਰਕਾਰੀ ਕਾਲਜਾਂ 'ਚ ਬਹੁਤ ਘੱਟ ਤਨਖਾਹਾਂ ਤੇ ਕੰਮ ਕਰਕੇ ਸਰਕਾਰੀ ਕਾਲਜਾਂ ਨੂੰ ਸਾਂਭੀ ਬੈਠੇ ਸਨ |
ਉਨ੍ਹਾਂ ਨੂੰ ਵੀ ਰੋਜ਼ਗਾਰ ਤੋਂ ਵਾਂਝਾ ਕਰਨ ਲਈ ਸਰਕਾਰ ਵਲੋਂ ਸਰਕਾਰੀ ਕਾਲਜਾਂ 'ਚ ਨਵੀਆਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ | ਇਸ ਇਸਤਿਹਾਰ ਦੇ ਵਿਰੋਧ 'ਚ ਫ਼ਰੀਦਕੋਟ ਦੇ ਬ੍ਰਜਿੰਦਰਾ ਕਾਲਜ 'ਚ ਗੈਸਟ ਫੈੱਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿਚ 1873 ਅਸਾਮੀਆਂ ਹਨ ਜਿਨ੍ਹਾਂ 'ਚੋਂ 962 ਗੈਸਟ ਫੈੱਕਲਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਹਨ ਜਦਕਿ 400 ਦੇ ਕਰੀਬ ਮੰਨਜ਼ੂਰ ਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ ਅਤੇ ਨਵੇਂ ਖੋਲ੍ਹੇ ਸਰਕਾਰੀ ਕਾਲਜਾਂ 'ਚ ਵੀ 160 ਅਸਾਮੀਆਂ ਖਾਲੀ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਸਲ 'ਚ ਨੋਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੀ ਹੈ ਤਾਂ ਉਹ ਨਿਰੋਲ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ ਜਿਨ੍ਹਾਂ 'ਤੇ ਕੋਈ ਗੈਸਟ ਫਕੈਲਟੀ ਸਹਾਇਕ ਪ੍ਰੋਫੈਸਰ ਕੰਮ ਨਹੀਂ ਕਰ ਰਿਹਾ | ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋ ਸਰਕਾਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆ ਤੋਂ ਪੀ.ਟੀ.ਏ ਫੰਡ ਉਗਰਾਹ ਕੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖਾਹ ਦਿੱਤੀ ਹੈ ।
ਜਿਸ ਨਾਲ ਬਹੁਤ ਸਾਰੇ ਗਰੀਬ ਵਿਦਿਆਰਥੀ ਪੀ.ਟੀ.ਏ ਫੰਡਾਂ ਦਾ ਬੋਝ ਨਾ ਝੱਲਣ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ | ਇਨ੍ਹਾਂ ਨਵੀਆਂ ਅਸਾਮੀਆਂ ਦੇ ਖਿਲਾਫ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਕੰਮ ਕਾਰ ਠੱਪ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਸਰਕਾਰੀ ਬਿ੍ਜਿੰਦਰਾ ਕਾਲਜ ਫਰੀਦਕੋਟ ਅਤੇ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਂਫ ਐਜੂਕੇਸਨ, ਫ਼ਰੀਦਕੋਟ ਦੇ ਸਮੂਹ ਗੈਸਟ ਫੈੱਕਲਟੀ ਸਹਾਇਕ ਪ੍ਰੋਫੈਸਰਾਂ ਨੇ ਸਮੂਹਿਕ ਰੂਪ 'ਚ ਸਰਕਾਰ ਦਾ ਵਿਰੋਧ ਕੀਤਾ | ਇਸ ਮੌਕੇ ਪ੍ਰੋਫੈਸਰ ਬੂਟਾ ਸਿੰਘ, ਡਾ. ਨਛੱਤਰ ਸਿੰਘ, ਪ੍ਰੋਫੈਸਰ ਹਰਪ੍ਰੀਤ ਸਿੰਘ ਸਫੀ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਬੁਲਾਰੇ ਕੇਸ਼ਵ ਨੇ ਵੀ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਜੇ ਗੈੱਸਟ ਫੈਕਲਟੀ ਦੀ ਨੌਕਰੀ ਨੂੰ ਸੁਰੱਖਿਅਤ ਨਾ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਉਲੀਕੇ ਜਾਣਗੇ ਅਤੇ ਸਰਕਾਰ ਦੇ ਇਸ ਫੈਸਲੇ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ |