ਡੀ.ਏ.ਪੀ ਦੀ ਘਾਟ ਹੋਣ ਕਾਰਨ ਦੂਸਰੀਆਂ ਖਾਦਾਂ ਦੀ ਵਰਤੋਂ ਕਰਨ ਕਿਸਾਨ
ਬਾਬੂਸ਼ਾਹੀ ਨੈੱਟਵਰਕ
ਕੁਰਾਲੀ, 22 ਅਕਤੂਬਰ 2021- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾਂ. ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾੜੀ ਦੀਆਂ ਫਸਲਾਂ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਡਾ. ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੀ.ਏ.ਪੀ ਖਾਦ ਦੀ ਘਾਟ ਹੋਣ ਕਰਕੇ ਦੂਸਰੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਡੀ.ਏ.ਪੀ ਖਾਦ ਦੀ ਘਾਟ ਕਰਕੇ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਡੀ.ਏ.ਪੀ ਦੇ ਬਦਲ ਵਜੋਂ ਕਿਸਾਨ ਐਨ.ਪੀ.ਕੇ 12:32:16, 10:26:26,ਸਿੰਗਲ ਸੁਪਰਫਾਸਫੇਟ (ਸੁਪਰ ਖਾਦ),ਅਮੋਨੀਆਮ ਫਾਸਫੇਟ 20:20:0:13 ਦੀ ਵਰਤੋਂ ਕਰ ਸਕਦੇ ਹਨ।
ਇਸ ਵਿੱਚ ਪੋਟਾਸ਼ੀਅਮ ਅਤੇ ਸਲਫਰ ਹੁੰਦੀ ਹੈ । ਇਨ੍ਹਾਂ ਖਾਦਾਂ ਦੀ ਵਰਤੋਂ ਨਾਲ ਕਣਕ, ਆਲੂਆਂ ਅਤੇ ਤੇਲ ਬੀਜ ਫਸਲਾਂ ਲਈ ਜਰੂਰੀ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਡਾਂ ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਕਣਕ ਦੀ ਬਿਜਾਈ ਲਈ ਡੀ.ਏ.ਪੀ ਅਤੇ ਐਨ.ਪੀ.ਕੇ ਖਾਦ ਕੋਆਪਰੇਟਿਵ ਸੁਸਾਇਟੀਆਂ ਵਿੱਚ ਵੀ ਦਿੱਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਬਲਾਕ ਮਾਜਰੀ ਦੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇ ਅਤੇ ਕਿਸੇ ਵੀ ਕਿਸਮ ਦੀ ਕੋਈ ਖੇਤੀ ਸਮੱਗਰੀ ਕਿਸਾਨਾਂ ਨੂੰ ਟੈਗਿੰਗ ਕਰਕੇ ਨਾ ਦਿੱਤੀ ਜਾਵੇ।