ਅਸ਼ੋਕ ਵਰਮਾ
ਬਠਿੰਡਾ, 22 ਅਕਤੂਬਰ 2021: ਗੁਲਾਬੀ ਸੁੰਡੀ ਕਾਰਨ ਮੁਆਵਜੇ ਦੀ ਮੰਗ ਨੂੰ ਲੈਕੇ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ ਕਪਾਹ ਪੱਟੀ ਦੀ ਕਿਸਾਨੀ ’ਚ ਪੈਦਾ ਹੋਏ ਕਿਸਾਨ ਰੋਹ ਤੋਂ ਡਰ ਕੇ ਜਿਲ੍ਹਾ ਖੇਤੀਬਾੜੀ ਵਿਭਾਗ ਬਠਿੰਡਾ ਨੇ ਅੱਜ ਚੁੱਪ ਚੁਪੀਤੇ ਕਿਸਾਨ ਮੇਲਾ ਲਾਕੇ ਖਾਨਾਪੂਰਤੀ ਕਰ ਦਿੱਤੀ। ਵਿੱਤ ਮੰਤਰੀ ਦੇ ਹਲਕੇ ਬਠਿੰਡਾ ’ਚ 25 ਅਕਤੂਬਰ ਨੂੰ ਕਿਸਾਨ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਲਈ ਪਿੰਡਾ ’ਚ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਅਫਸਰ ਡਰ ਰਹੇ ਹਨ ਕਿ ਕਿਧਰੇ ਮੇਲੇ ’ਚ ਕਿਸਾਨਾਂ ਦਾ ਵੱਡਾ ਇਕੱਠ ਕੋਈ ਮੁਸ਼ਕਲਾਂ ਨਾਂ ਖੜ੍ਹੀਆਂ ਕਰ ਦੇਵੇ। ਇਸੇ ਕਾਰਨ ਜਿਲ੍ਹਾ ਖੇਤੀਬਾੜੀ ਵਿਭਾਗ ਨੇ ਕਿਸੇ ਸਿਆਸੀ ਆਗੂ ਨੂੰ ਨਹੀਂ ਸੱਦਿਆ ਸਿਰਫ ਡਿਪਟੀ ਕਮਿਸ਼ਨਰ ਬਠਿੰਡਾ ਹੀ ਕਿਸਾਨ ਮੇਲੇ ’ਚ ਬੁਲਾਏ ਗਏ ਸਨ। ਗਠਜੋੜ ਸਰਕਾਰ ਵੇਲੇ ਚਿੱਟੀ ਮੱਖੀ ਦੇ ਹਮਲੇ ਉਪਰੰਤ ਕਰਵਾਏ ਕਿਸਾਨ ਮੇਲੇ ਦੌਰਾਨ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਕਿਸਾਨਾਂ ਦੇ ਵੱਡੋ ਰੋਹ ਦਾ ਸਾਹਮਣਾ ਕਰਨਾ ਪਿਆ ਸੀ।
ਇਹੋ ਕਾਰਨ ਖੇਤੀ ਵਿਭਾਗ ਦੇ ਅਧਿਕਾਰੀ ਕਿਸਾਨ ਮੇਲੇ ਲਈ ਬਿਨਾਂ ਪ੍ਰਚਾਰ ਤੋਂ ਹੀ ਡੰਗ ਸਾਰ ਗਏ ਹਨ ਜਦੋਂਕਿ ਇਸ ਤੋਂ ਕਰੋਨਾ ਸੰਕਟ ਤੋਂ ਪਹਿਲਾਂ ਲਾਏ ਜਾਂਦੇ ਕਿਸਾਨ ਮੇਲਿਆਂ ਲਈ ਮੀਡੀਆ ਰਾਹੀਂ ਕਿਸਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਸੀ। ਖੇਤੀ ਪ੍ਰਸ਼ਾਸ਼ਨ ਤਰਫੋਂ ਜਿਲ੍ਹਾ ਲੋਕ ਸੰਪਰਕ ਵਿਭਾਗ ਈਮੇਲ ਰਾਹੀਂ ਮੀਡੀਆ ਨੂੰ ਬੁਲਾਉਂਦਾ ਆਇਆ ਹੈ ਜਦੋਂਕਿ ਇਸ ਵਾਰ ਅਜਿਹਾ ਨਹੀਂ ਹੋਇਆ ਹੈ। ਖੇਤੀਬਾੜੀ ਵਿਭਾਗ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਜਿਸ ’ਚ ਦੱਸਿਆ ਹੈ ਕਿ ਅੱਜ ਖੇਤੀ ਭਵਨ,ਡੱਬਵਾਲੀ ਰੋਡ, ਬਠਿੰਡਾ ਵਿਖੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਗਵਰਨਿੰਗ ਬੋਰਡ ਆਤਮਾ, ਬਠਿੰਡਾ ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ ਜਿੱਥੇ ਉਨ੍ਹਾਂ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋਂ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲਾਂ ਦੇ ਵੱਧ ਝਾੜ ਲਈ ਚੰਗੇ ਬੀਜ ਦੀ ਚੋਣ, ਖਾਦਾਂ, ਮਿੱਟੀ ਦੀ ਪਰਖ ਅਤੇ ਕੀਟਨਾਸ਼ਕਾਂ ਦੀ ਵਰਤੋ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਤੇ ਫਸਲਾਂ ਦੇ ਮੰਡੀਕਰਨ ਦੌਰਾਨ ਆ ਰਹੀਆਂ ਮੁਸ਼ਕਲਾਂ ਬਾਰੇ ਸੁਚੇਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਜਮੀਨ ਦੀ ਸਿਹਤ ਸੰਭਾਲ, ਖਾਦਾਂ , ਪਾਣੀ ਦੀ ਸਹੀ ਵਰਤੋ, ਬਰਮੀ ਕੰਪੋਸਟ ਖਾਦ ਤਿਆਰ ਕਰਨ, ਐਗਰੋ ਫਰੈਸਟਰੀ , ਬੀਕੀਪਿੰਗ, ਮੱਛੀ ਪਾਲਣ ਅਤੇ ਡੇਅਰੀ ਆਦਿ ਧੰਦੇ ਅਪਨਾਉਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪਣੇ ਸਾਧਨਾਂ ਅਨੁਸਾਰ ਹੀ ਖੇਤੀ ਕਰਨ ਅਤੇ ਮਾੜੀਆਂ ਜਮੀਨਾਂ ਵਿੱਚ ਤੇ ਨਰਮੇ ਦੀ ਕਾਸ਼ਤ ਨਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਤੇ ਸੀਜੇਐਮ ਬਠਿੰਡਾ ਅਸ਼ੋਕ ਕੁਮਾਰ ਚੌਹਾਨ ਨੇ ਸਮਾਜ ਦੇ ਪਿਛੜੇ ਅਤੇ ਕਮਜੋਰ ਵਰਗਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਪ੍ਰਦਾਨ ਕੀਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਮੁੱਖ ਖੇਤਬਾੜੀ ਅਫਸਰ ਬਠਿੰਡਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਜਰੂਰਤ ਅਨੁਸਾਰ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਉਪਰੰਤ ਹੀ ਕਰਨ ਲਈ ਕਿਹਾ ਜਿਸ ਨਾਲ ਕਿਸਾਨਾਂ ਕਿਸਾਨਾਂ ਦਾ ਲਾਗਤ ਖਰਚਾ ਘਟੇਗਾ। ਉਨ੍ਹਾਂ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ , ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਮਨੁੱਖੀ ਸਿਹਤ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਨਾਂ ਲਾਉਣ ਦੀ ਅਪੀਲ ਕੀਤੀ। ਮੁੱਖ ਖੇਤੀਬਾੜੀ ਅਫਸਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2021-22 ਦੌਰਾਨ ਖੇਤੀ ਮਸ਼ੀਨਰੀ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਰੋਕਣ ਲਈ ਪਿੰਡਾਂ ’ਚ ਵਾਲ ਪੇਂਟਿੰਗਾਂ ਕਰਵਾਈਆਂ ਗਈਆਂ ਹਨ ਅਤੇ ਮੋਬਾਇਲ ਵੈਨਾਂ ਰਾਹੀਂ ਕਿਸਾਨਾਂ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਾਉਣੀ 2021 ਦੌਰਾਨ 96 ਹਜ਼ਾਰ ਹੈਕਟੇਅਰ ਰਕਬੇ ’ਚ ਨਰਮੇ ਅਤੇ 1ਲੱਖ 61ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ। ਉਨ੍ਹਾਂ ਕਿਸਾਨਾਂ ਨੂੰ ਅਣਅਧਿਕਾਰਤ ਬੀਜ ਦੀ ਥਾਂ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ ਕੀਤੀ। ਖੇਤਰੀ ਖੇਤੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਪਰਮਜੀਤ ਸਿੰਘ ਨੇ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀ ਵਿਗਿਆਨੀਆਂ ਨੇ ਖੇਤੀ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਬੋਪਾਰਾਏ ਨੇ ਆਤਮਾ ਸਕੀਮ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਤਮਾ ਸਕੀਮ ਤਹਿਤ ਖੇਤਾਂ ’ਚ ਵੱਖ ਵੱਖ ਕਿਸਮ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟ ਲਾਏ ਜਾਦੇ ਹਨ ਅਤੇ ਸਿਖਲਾਈ ਦਿਵਾਈ ਜਾਂਦੀ ਹੈ। ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਡਾ. ਮਨਜਿੰਦਰ ਸਿੰਘ ਨੇ ਮੰਚ ਸੰਚਾਲਨ ਅਤੇ ਧੰਨਵਾਦ ਕੀਤਾ।