ਸੰਜੀਵ ਜਿੰਦਲ
ਮਾਨਸਾ, 22 ਅਕਤੂਬਰ 2021 : ਬੀਤੀ ਦੇਰ ਰਾਤ ਸਿਰਸਾ ਤੋਂ ਐਂਬੂਲੈਂਸ ਰਾਹੀਂ ਡੀ. ਐੱਮ. ਸੀ. ਲੁਧਿਆਣਾ ਲੈ ਕੇ ਜਾ ਰਹੇ ਮਰੀਜ਼ ਨੂੰ ਕਸਬਾ ਝੁਨੀਰ ਦੀ ਪੁਲਿਸ ਵੱਲੋਂ ਨਾਕੇ ਤੇ ਕਥਿਤ ਤੌਰ ਤੇ ਰੋਕਣ ਕਾਰਨ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਝੁਨੀਰ ਬੱਸ ਸਟੈਂਡ ਤੇ ਲਾਸ਼ ਰੱਖ ਕੇ ਸਿਰਸਾ- ਬਰਨਾਲਾ ਰੋਡ ਉੱਤੇ ਧਰਨਾ ਸ਼ੁਰੂ ਕਰ ਦਿੱਤਾ।
ਐਂਬੂਲੈਂਸ ਦੇ ਡਰਾਈਵਰ ਗਗਨ ਸਿੰਘ ਪਰਿਵਾਰਕ ਮੈਂਬਰ ਨਿਰਮਲ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦਾ ਐਕਸੀਡੈਂਟ ਹੋਇਆ ਸੀ, ਜਿਸ ਨੂੰ ਸਿਰਸਾ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ। ਇਸ ਤੋਂ ਬਾਅਦ ਉਸ ਦੀ ਹਾਲਤ ਨੂੰ ਨਾਜ਼ੁਕ ਹੁੰਦੇ ਦੇਖ ਲੁਧਿਆਣਾ ਦੇ ਡੀ. ਐੱਮ. ਸੀ. ਲਈ ਰੈਫਰ ਕਰ ਦਿੱਤਾ ਗਿਆ ਸੀ। ਉਹ ਜਿਵੇਂ ਹੀ ਝੁਨੀਰ ਪਹੁੰਚੇ ਤਾਂ ਨਾਕੇ ਤੇ ਮੌਜੂਦ ਚਾਰ ਪੁਲਿਸ ਕਰਮਚਾਰੀਆਂ ਵੱਲੋਂ ਐਂਬੂਲੈਂਸ ਨੂੰ ਰੋਕ ਕੇ ਉਨ੍ਹਾਂ ਨੂੰ ਕਥਿਤ ਤੌਰ ਤੇ ਖੱਜਲ ਖੁਆਰ ਕੀਤਾ। ਇਸ ਕਾਰਨ ਮਰੀਜ਼ ਦੀ ਮੌਤ ਹੋ ਗਈ।
ਉਨ੍ਹਾਂ ਮੰਗ ਕੀਤੀ ਕਿ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਥਾਣਾ ਝੁਨੀਰ ਦੇ ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਮੌਤ ਹੋਈ ਹੈ। ਪਰਿਵਾਰ ਪੁਲਿਸ ਮੁਲਾਜ਼ਮਾਂ ਤੇ ਦੋਸ਼ ਲਗਾ ਰਿਹਾ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।