ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ
ਮੁੱਖ ਮੰਤਰੀ ਦੇ ਘਰ 29 ਨੂੰ ਮੋਰਿੰਡਾ ਵਿਖੇ ਹੋਵੇਗਾ ਧਰਨਾ ਪ੍ਰਦਰਸ਼ਨ: ਤਰਸੇਮ ਪੀਟਰ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ ਜਲੰਧਰ, 22 ਅਕਤੂਬਰ, 2021: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਘਰੇਲੂ ਬਿਜਲੀ ਬਿੱਲ ਮੁਆਫ਼ੀ ਤੇ ਕੱਟੇ ਹੋਏ ਕੁਨੈਕਸ਼ਨ ਚਾਲੂ ਕਰਵਾਉਣ ਲਈ 27 ਅਕਤੂਬਰ ਨੂੰ ਜ਼ਿਲ੍ਹੇ ਭਰ ਵਿੱਚ ਬਿਜਲੀ ਦਫ਼ਤਰਾਂ ਅਧਿਕਾਰੀਆਂ ਨੂੰ ਲਿਸਟਾਂ ਦੇਣ ਅਤੇ ਬਿਜਲੀ ਬਿੱਲਾਂ ਦੇ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਗਿਆ ਅਤੇ 29 ਅਕਤੂਬਰ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਘਰ ਮੋਰਿੰਡਾ ਅੱਗੇ ਧਰਨੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦੀ ਰੂਪ-ਰੇਖਾ ਉਲੀਕੀ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ 13 ਅਕਤੂਬਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਓਨ ਫ਼ੰਡ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ ਆਦਿ ਮੰਗਾਂ ਦੇ ਹੱਲ ਲਈ ਮੋਰਿੰਡਾ ਵਿਖੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਚੰਨੀ ਦੇ ਘਰ ਵੱਲ ਨੂੰ ਮੁਜ਼ਾਹਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨਾਲ 21 ਅਕਤੂਬਰ ਨੂੰ ਪੈਨਲ ਮੀਟਿੰਗ ਕਰਵਾਉਣ ਦਾ ਸਮਾਂ ਦਿੱਤਾ ਗਿਆ ਪਰ ਮੀਟਿੰਗ ਨੂੰ ਐਨ ਮੌਕੇ ਮੁਅੱਤਲ ਕਰਨ ਬਾਰੇ ਤਹਿਸੀਲਦਾਰ ਮੋਰਿੰਡਾ ਦਾ ਆਗੂਆਂ ਨੂੰ ਸੁਨੇਹਾ ਆ ਗਿਆ। ਮੁੱਖ ਮੰਤਰੀ ਵਲੋਂ ਬੇਜ਼ਮੀਨੇ ਦਲਿਤ ਜਥੇਬੰਦੀਆਂ ਨਾਲ ਮਸਲਿਆਂ ਦੇ ਨਿਪਟਾਰੇ ਲਈ ਮੀਟਿੰਗ ਨਾ ਕਰਕੇ ਸਾਬਿਤ ਕਰ ਦਿੱਤਾ ਗਿਆ ਕਿ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਦਾਅਵੇ ਝੂਠ ਦਾ ਪੁਲੰਦਾ ਹੈ। ਬੇਜ਼ਮੀਨੇ ਲੋਕਾਂ ਸਮੇਤ ਦਲਿਤਾਂ ਦੀਆਂ ਮੰਗਾਂ ਮਸਲਿਆਂ ਨਾਲ ਚੰਨੀ ਸਰਕਾਰ ਦਾ ਕੋਈ ਵੀ ਲਾਗਾ ਦੇਗਾ ਨਹੀਂ।
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸਾਂਝੇ ਮੋਰਚੇ ਦੇ ਸੰਘਰਸ਼ ਸਦਕਾ ਮੰਨੀਆਂ ਗਈਆਂ ਮੰਗਾਂ ਸੰਬੰਧੀ ਚੰਨੀ ਸਰਕਾਰ ਨੇ ਚਿੱਠੀ ਪੱਤਰ ਭਾਵੇਂ ਜਾਰੀ ਕਰ ਦਿੱਤੇ ਲੇਕਿਨ ਇਸਦੇ ਬਾਵਜੂਦ ਨਾ ਤਾਂ ਅਜੇ ਤੱਕ ਮਜ਼ਦੂਰਾਂ ਤੇ ਹੋਰ ਗਰੀਬ ਲੋਕਾਂ ਦੇ ਬਿਜਲੀ ਬਿੱਲ ਮੁਆਫ਼ ਹੋਏ ਅਤੇ ਨਾ ਹੀ ਕੱਟੇ ਬਿਜਲੀ ਕੁਨੈਕਸ਼ਨ ਚਾਲੂ ਕੀਤੇ ਗਏ ਹਨ। ਮਨਾਂ ਮੂੰਹੀਂ ਬਿਜਲੀ ਬਿੱਲ ਆ ਰਹੇ ਹਨ, ਕੱਟੇ ਹੋਏ ਕੁਨੈਕਸ਼ਨ ਕਾਰਨ ਅਨੇਕਾਂ ਪਰਿਵਾਰ ਹਨੇਰੇ ਵਿੱਚ ਰਹਿਣ ਲਈ ਮਜ਼ਬੂਰ ਹਨ।
ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਹੀ ਜੱਦੋ-ਜਹਿਦ ਕਰਕੇ ਪੇਂਡੂ ਮਜ਼ਦੂਰਾਂ ਵਲੋਂ ਅਨੇਕਾਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੇ ਅਜਲਾਸ ਕਰਵਾ ਕੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਮਤੇ ਪਾਸ ਕਰਵਾਏ ਗਏ ਹਨ। ਪਾਸ ਕੀਤੇ ਮਤਿਆਂ ਅਨੁਸਾਰ ਪਲਾਟ ਅਲਾਟ ਨਹੀਂ ਕੀਤੇ ਗਏ। ਕਈ ਪਿੰਡਾਂ ਵਿੱਚ ਲੋਕਾਂ ਨੂੰ ਸੂਚਨਾ ਦਿੱਤੇ ਬਿਨ੍ਹਾਂ ਗ੍ਰਾਮ ਸਭਾ ਅਜਲਾਸਾਂ ਦੀ ਖ਼ਾਨਾਪੂਰਤੀ ਕੀਤੀ ਗਈ ਅਤੇ ਕਈ ਥਾਈਂ ਪੰਚਾਇਤਾਂ ਗ੍ਰਾਮ ਸਭਾ ਦੇ ਅਜਲਾਸ ਬੁਲਾਉਣ ਤੋਂ ਹੀ ਇਨਕਾਰੀ ਹਨ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ, ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਨੇ ਗੱਠਜੋੜ ਬਣਾ ਕੇ ਲੋੜਵੰਦ ਪਰਿਵਾਰਾਂ ਦੇ ਰਿਹਾਇਸ਼ੀ ਪਲਾਟਾਂ ਦਾ ਬਣਦਾ ਹੱਕ ਮਾਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।ਇਸ ਗੱਠਜੋੜ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਅਤੇ ਸਮੁੱਚੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ।
ਆਗੂਆਂ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਵੀ ਮੁਕੰਮਲ ਲਾਭ ਦੇਣ ਦੀ ਥਾਂ 25 ਹਜ਼ਾਰ ਤੱਕ ਕੀਤੇ ਕਰਜ਼ੇ ਦਾ ਸਾਰਾ ਵਿਆਜ਼ ਮੁਆਫ਼ ਨਹੀਂ ਕੀਤਾ ਗਿਆ, ਉਨ੍ਹਾਂ ਫ਼ੰਡ ਸੁਸਾਇਟੀਆਂ, ਮਾਈ ਭਾਗੋ ਸਕੀਮ ਦੇ ਕਰਜ਼ਦਾਰ ਦਲਿਤਾਂ ਬੇਜ਼ਮੀਨਿਆਂ, ਦਲਿਤ ਔਰਤਾਂ ਨੂੰ ਇਸ ਘੇਰੇ ਤੋਂ ਬਾਹਰ ਰੱਖ ਕੇ ਵਿਤਕਰੇਬਾਜ਼ੀ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਮੰਗਦੇ ਦਲਿਤਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਪਿੰਡ ਮਸਾਣੀਆਂ ਬਲਾਕ ਬਟਾਲਾ ਇਸ ਦੀ ਤਾਜ਼ਾ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਸਰਕਾਰ ਦਾ ਮੁੱਖੀਆਂ ਕੋਈ ਵੀ ਹੋਵੇ ਪੇਂਡੂ ਮਜ਼ਦੂਰਾਂ ਨੂੰ ਸਰਕਾਰਾਂ ਤੋਂ ਝਾਕ ਰੱਖਣ ਦੀ ਥਾਂ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ।
ਮੀਟਿੰਗ ਵਿੱਚ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਅਟਵਾਲ, ਦਰਸ਼ਨਪਾਲ ਬੁੰਡਾਲਾ, ਚੰਨਣ ਸਿੰਘ ਬੁੱਟਰ ਆਦਿ ਹਾਜ਼ਰ ਸਨ।