ਦਲਜੀਤ ਕੌਰ ਭਵਾਨੀਗੜ੍ਹ
ਖਰੜ, 22 ਅਕਤੂਬਰ, 2021: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਦੂਜੇ ਦਿਨ ਵੀ ਟੈਂਕੀ ਦੇ ਉੱਪਰ ਡਟੇ ਰਹੇ ।
ਇਸ ਮੌਕੇ ਦੇਸੂਮਾਜਰਾ ਟੈਂਕੀ ਤੇ ਬੈਠੇ ਅਮਨ ਫ਼ਾਜ਼ਿਲਕਾ ਤੇ ਪਰਮ ਫ਼ਾਜ਼ਿਲਕਾ ਨੇ ਕਿਹਾ ਕਿ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਈਟੀਟੀ ਦੀਆਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਡਾਂਗਾਂ ਖਾਣੀਆਂ ਪਈਆਂ, ਨਹਿਰਾਂ ਚ ਛਾਲਾਂ ਮਾਰੀਆਂ, ਮਰਨ ਵਰਤ ਰੱਖਿਆ ਮਜ਼ਬੂਰਨ ਟੈਂਕੀ ਅਤੇ ਟਾਵਰਾਂ ਦੇ ਉੱਪਰ ਚੜ੍ਹਨ ਤੱਕ ਦੀ ਨੌਬਤ ਆਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਰਕੇ ਅੱਜ ਤੱਕ 2364 ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਹਾਲੇ ਤਕ ਰੁਕੀ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ 6635 ਈਟੀਟੀ ਅਧਿਆਪਕਾਂ ਦੀ ਭਰਤੀ ਤੋਂ ਪਹਿਲਾਂ ਪੂਰੀ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇ। ਇਸ ਮੌਕੇ ਟੈਂਕੀ ਤੇ ਬੇਠੈ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਮੰਗਾਂ ਦਾ ਠੋਸ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਟੈਂਕੀ ਉੱਪਰ ਹੀ ਡਟੇ ਰਹਿਣਗੇ।