ਜ਼ਿਲ੍ਹਾ ਮੈਜਿਸਟ੍ਰੇਟ ਨੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿੱਚ ਨਜਾਇਜ਼ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖਣ ਲਈ ਆਦੇਸ਼
ਜੀ ਐਸ ਪੰਨੂ
ਪਟਿਆਲਾ, 22 ਅਕਤੂਬਰ,2021: ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਾਮ ਨੂੰ ਐਸ.ਐਸ.ਪੀ. ਸਮੇਤ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਨਜਾਇਜ਼ ਮਾਇਨਿੰਗ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ 'ਤੇ ਨਾ ਹੋਣ ਦੇਣ ਲਈ ਸਖ਼ਤ ਹਦਾਇਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਇਨਿੰਗ ਐਕਟ ਤਹਿਤ ਕਿਸੇ ਵੀ ਅਦਾਰੇ ਜਾਂ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਮਿੱਟੀ ਦੀ ਪੁਟਾਈ/ਢੋਆ-ਢੁਆਈ ਮਾਇਨਿੰਗ ਵਿਭਾਗ ਦੀ ਇਜ਼ਾਜਤ ਬਿਨ੍ਹਾਂ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਨੇ ਮੀਟਿੰਗ 'ਚ ਮੌਜੂਦ ਮਾਇਨਿੰਗ ਅਫ਼ਸਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਨੂੰ ਕਿਹਾ ਕਿ ਉਹ ਜਿੱਥੇ ਮਾਇਨਿੰਗ ਵਿਭਾਗ ਪਾਸ ਮਨਜ਼ੂਰੀ ਲਈ ਆਉਣ ਵਾਲੀ ਕਿਸੇ ਵੀ ਅਰਜੀ ਨੂੰ ਪਹਿਲ ਦੇ ਅਧਾਰ 'ਤੇ ਬਿਨ੍ਹਾਂ ਦੇਰੀ ਪ੍ਰਵਾਨਗੀ ਦੇਣ, ਉਥੇ ਹੀ ਜ਼ਿਲ੍ਹੇ 'ਚ ਕਿਸੇ ਵੀ ਤਰ੍ਹਾਂ ਦੀ ਨਾਜਇਜ਼ ਮਾਇਨਿੰਗ ਬਿਲਕੁਲ ਵੀ ਨਾ ਹੋਣ ਦੇਣ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਨਜਾਇਜ਼ ਮਾਇਨਿੰਗ 'ਤੇ ਸਖ਼ਤੀ ਵਰਤਣ ਲਈ ਆਖਿਆ।
ਐਸ.ਐਸ.ਪੀ. ਨਾਲ ਜ਼ਿਲ੍ਹੇ ਦੀ ਕਾਨੂੰਨ ਅਤੇ ਵਿਵਸਥਾ 'ਤੇ ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ 'ਚ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਨਿਗਰਾਨੀ ਨੂੰ ਜ਼ਮੀਨੀ ਪੱਧਰ ਤੱਕ ਵਧਾਇਆ ਜਾਵੇ ਤਾਂ ਜੋ ਪੁਲਿਸ ਦੇ ਸੰਪਰਕ ਸੂਤਰ ਪੂਰੀ ਸਰਗਰਮੀ ਨਾਲ ਕੰਮ ਕਰਦੇ ਹੋਏ ਹਰ ਗ਼ੈਰਕਾਨੂੰਨੀ ਘਟਨਾ ਜਾਂ ਅਨਸਰ ਬਾਰੇ ਤੁਰੰਤ ਸੂਚਨਾ ਦੇ ਸਕਣ। ਉਨ੍ਹਾਂ ਨੇ ਜ਼ਿਲ੍ਹੇ 'ਚ ਜੁਰਮ 'ਤੇ ਕਾਬੂ ਪਾਉਣ ਲਈ ਪੁਲਿਸ ਫੋਰਸ ਨੂੰ ਹੋਰ ਮੁਸਤੈਦ ਕਰਨ ਲਈ ਵੀ ਆਖਿਆ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਬਾਹਰੋਂ ਆ ਰਹੀ ਜੀਰੀ ਨੂੰ ਰੋਕਣ ਸਬੰਧੀਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬਣਾਈਆਂ ਸਾਂਝੀਆਂ ਟੀਮਾਂ ਅਤੇ ਲਗਾਏ ਨਾਕਿਆਂ 'ਤੇ ਸਖ਼ਤੀ ਹੋਰ ਵਧਾਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਦੂਸਰੇ ਰਾਜਾਂ 'ਚੋਂ ਨਾਜਾਇਜ਼ ਤੌਰ 'ਤੇ ਆ ਰਹੀ ਜੀਰੀ ਨੂੰ ਕਿਸੇ ਵੀ ਕੀਮਤ 'ਤੇ ਜ਼ਿਲ੍ਹੇ 'ਚ ਦਾਖਲ ਨਾ ਹੋਣ ਦਿੱਤਾ ਜਾਵੇ।
ਐਸ.ਡੀ.ਐਮਜ ਤੇ ਡੀ.ਐਸ.ਪੀਜ ਨੂੰ ਸੰਬੋਧਿਤ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਉਹ ਆਪੋ ਆਪਣੀਆਂ ਸਬ ਡਵੀਜਨਾਂ 'ਚ ਪੂਰਨ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਲੋਕਾਂ ਨੂੰ ਮਿਲਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਤਰਜੀਹੀ ਅਧਾਰ 'ਤੇ ਹੱਲ ਕਰਨ। ਪਿੰਡਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਦੂਰ ਰੱਖਣ ਲਈ ਪੜ੍ਹਾਈ ਅਤੇ ਖੇਡਾਂ ਨੂੰ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਵਿੱਚ ਪੈਂਦੇ ਨਾਜ਼ੁਕ ਤੇ ਸੰਵੇਦਨਸ਼ੀਲ ਬੂਥਾਂ ਦੀ ਹੁਣ ਤੋਂ ਹੀ ਸ਼ਨਾਖ਼ਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਨਾਲ ਮੌਕੇ 'ਤੇ ਪੈਦਾ ਹੋਣ ਵਾਲੀ ਸਥਿਤੀ ਤੋਂ ਬਚਣ ਲਈ ਹੁਣ ਹੀ ਯਤਨ ਕੀਤੇ ਜਾ ਸਕਣਗੇ।
ਐਸ.ਐਸ.ਪੀ. ਭੁੱਲਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੀਟਿੰਗ 'ਚ ਹਾਜ਼ਰ ਸਮੂਹ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਟਿਆਲਾ ਜ਼ਿਲ੍ਹਾ ਅੰਤਰਰਾਜੀ ਸੀਮਾਵਾਂ ਨਾਲ ਜੁੜਿਆ ਹੋਣ ਕਾਰਨ ਨਸ਼ੇ ਦੀ ਤਸਕਰੀ ਅਤੇ ਅਪਰਾਧੀ ਕਿਸਮ ਦੇ ਲੋਕਾਂ 'ਤੇ ਖਾਸ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਸਰਕਲ ਅਧਿਕਾਰੀਆਂ (ਡੀ.ਐਸ.ਪੀਜ) ਨੂੰ ਆਪੋ ਆਪਣੀ ਸਬ ਡਵੀਜਨ ਦੇ ਐਸ.ਡੀ.ਐਮਜ ਨਾਲ ਪੂਰਾ ਤਾਲਮੇਲ ਬਣਾ ਕੇ ਚੱਲਣ ਲਈ ਕਿਹਾ ਤਾਂ ਜੋ ਪੁਲਿਸਿੰਗ ਦੇ ਨਾਲ-ਨਾਲ ਆਮ ਲੋਕਾਂ ਨੂੰ ਭੈਅ ਮੁਕਤ ਮਾਹੌਲ ਵੀ ਪ੍ਰਦਾਨ ਕੀਤਾ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੌਤਮ ਜੈਨ, ਐਸ.ਡੀ.ਐਮ. ਪਾਤੜਾਂ ਤੇ ਦੂਧਨ ਸਾਧਾਂ ਅੰਕੁਰਜੀਤ ਸਿੰਘ, ਐਸ.ਪੀ ਡਾ. ਮਹਿਤਾਬ ਸਿੰਘ, ਐਸ.ਪੀ. ਸਥਾਨਕ ਹਰਕਮਲ ਕੌਰ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮ ਸਮਾਣਾ ਸਵਾਤੀ ਟਿਵਾਣਾ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਕੰਨੂ ਗਰਗ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸਮੂਹ ਡੀ.ਐਸ.ਪੀਜ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਐਕਸੀਐਨ ਡਰੇਨੇਜ ਰਮਨ ਬੈਂਸ ਅਤੇ ਤਹਿਸੀਲਦਾਰਾਂ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।