ਬੈਲਜੀਅਮ ਵਿੱਚ ਮਨਾਈ ਗਈ ਸ਼ਹੀਦ ਫ਼ੌਜੀ ਗੁੱਜਰ ਸਿੰਘ ਦੀ 106ਵੀਂ ਬਰਸੀ
ਕੈਨੇਡਾ ਦੀ ਫ਼ੌਜ ਵੱਲੋਂ ਲੜਿਆ ਸੀ ਪਹਿਲਾ ਵਿਸ਼ਵ ਯੁੱਧ
ਪ੍ਰਗਟ ਸਿੰਘ ਜੋਧਪੁਰੀ
ਈਪਰ ,ਬੈਲਜੀਅਮ, 23 ਅਕਤੂਬਰ , 2021: ਪਹਿਲੇ ਵਿਸ਼ਵ ਯੁੱਧ ਵਿੱਚ ਕੈਨੇਡਾ ਦੀ ਫ਼ੌਜ ਵੱਲੋਂ ਬੈਲਜੀਅਮ ਆ ਕੇ ਜਰਮਨ ਫ਼ੌਜਾਂ ਖ਼ਿਲਾਫ਼ ਲੜਦੇ ਸ਼ਹੀਦ ਹੋਏ ਫ਼ੌਜੀ ਗੁੱਜਰ ਸਿੰਘ ਉਰਫ਼ ਸੰਤਾ ਸਿੰਘ ਦੀ 106ਵੀ ਬਰਸੀ ਮੌਕੇ ਬੈਲਜੀਅਮ ਦੇ ਸਿੱਖਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 1881 ਵਿੱਚ ਜਨਮੇ ਗੁੱਜਰ ਸਿੰਘ ਰਿਕਾਰਡ ਮੁਤਾਬਕ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦੇ ਪਿੰਡ ਜਨਬਲ ਦੇ ਵਸਨੀਕ ਸਨ। ਜਿਹੜੇ 32ਵੀਂ ਪੰਜਾਬ ਰਾਈਫ਼ਲਜ਼ ਵਿੱਚ 3 ਸਾਲ ਨੌਕਰੀ ਕਰਨ ਬਾਅਦ ਕੈਨੇਡਾ ਆ ਗਏ।
ਗੁੱਜਰ ਸਿੰਘ 6 ਜਨਵਰੀ 1915 ਨੂੰ ਕੈਨੇਡਾ ਦੀ ਫ਼ੌਜ ਵਿੱਚ ਭਰਤੀ ਹੋਣ ਬਾਅਦ ਉਹਨਾਂ ਨੂੰ ਯੂਰਪ ਵਿੱਚ ਚੱਲ ਰਹੇ ਘਮਸਾਣ ਦੇ ਯੁੱਧ ਵਿੱਚ ਹਿੱਸਾ ਲੈਣ ਲਈ ਭੇਜ ਦਿੱਤਾ ਗਿਆ ਤੇ ਉਹ ਇੰਗਲੈਂਡ ਅਤੇ ਫਰਾਂਸ ਰਾਹੀਂ ਫਰਾਂਸ-ਬੈਲਜੀਅਮ ਸਰਹੱਦ ਤੇ ਚੱਲ ਰਹੇ ਯੁੱਧ ਵਿੱਚ ਜੂਝਦੇ ਹੋਏ ਸਾਹਮਣਿਓ ਆ ਪੇਟ ਵਿੱਚ ਲੱਗੀ.
ਜਰਮਨਾਂ ਦੀ ਗੋਲੀ ਕਾਰਨ ਮਹਿਜ਼ 32 ਸਾਲ ਦੀ ਉਮਰ ਵਿੱਚ ਸ਼ਹੀਦੀ ਪਾ ਗਏ। ਰਿਕਾਰਡ ਮੁਤਾਬਕ ਗੁੱਜਰ ਸਿੰਘ ਹੋਰਾਂ ਨੂੰ 19 ਅਕਤੂਬਰ 1915 ਨੂੰ ਇਹ ਅਹਿਸਾਸ ਸੀ ਅੱਜ ਦੀ ਰਾਤ ਉਹਨਾਂ ਦੀ ਆਖ਼ਰੀ ਰਾਤ ਹੋਵੇਗੀ ਪਰ ਫਿਰ ਵੀ ਆਪਣੇ ਫ਼ਰਜ਼ ਪ੍ਰਤੀ ਵਫ਼ਾਦਾਰੀ ਲਈ ਉਹ ਡਟੇ ਰਹੇ।
ਈਪਰ ਸ਼ਹਿਰ ਦੇ ਨਜ਼ਦੀਕ ਸਿੱਖ ਫ਼ੌਜੀਆਂ ਦੀਆਂ ਬਾਕੀ ਯਾਦਗਾਰਾਂ 'ਤੋਂ ਗੁੱਜਰ ਸਿੰਘ ਦੇ ਦਫ਼ਨਾਉਣ ਦੀ ਜਗ੍ਹਾ ਵੀ ਬੇਸ਼ੱਕ ਬਹੁਤੀ ਦੂਰ ਨਹੀਂ ਪਰ ਸਿੱਖ ਭਾਈਚਾਰੇ ਨੂੰ ਜਾਣਕਾਰੀ ਨਾ ਹੋਣ ਕਾਰਨ 106 ਸਾਲ ਤੱਕ ਗੁੱਜਰ ਸਿੰਘ ਅਣਗੌਲੇ ਹੀ ਰਹੇ ਪਰ ਪਤਾ ਲਗਦਿਆਂ ਹੀ ਉਹਨਾਂ ਦੀ ਬਰਸੀ ਮਨਾਈ ਗਈ। ਸ਼ਹਿਰ ਦੇ ਮੇਅਰ ਅਤੇ ਵੱਲੋਂ ਸਿੱਖ ਆਗੂਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਗ੍ਰੰਥੀ ਸਿੰਘਾਂ ਭਾਈ ਬਲਵਿੰਦਰ ਸਿੰਘ ਗੈਂਟ ਅਤੇ ਭਾਈ ਪੂਰਨ ਸਿੰਘ ਕਨੋਕੇ ਵੱਲੋਂ ਸ੍ਰੀ ਅਨੰਦ ਸਾਹਿਬ ਦੇ ਪਾਠ 'ਤੋਂ ਬਾਅਦ ਅਰਦਾਸ ਕੀਤੀ ਅਤੇ ਦੇਗ ਵਰਤਾਈ ਗਈ।
ਇਸ ਮੌਕੇ ਸ਼ਹਿਰ ਦੇ ਮੇਅਰ ਵਾਈਲੈਂਡ ਦੀ ਮੇਰ, ਇਤਿਹਾਸਕਾਰ ਦੋਮੀਨਿਕ ਦਿਨਦੋਵੇ, ਸਾਬਕਾ ਅਮਰੀਕੀ ਫ਼ੌਜੀ ਅਫ਼ਸਰ ਮਿਸਟਰ ਜੈਕ, ਈਪਰ ਦੇ ਉੱਘੇ ਵਕੀਲ ਲਾਰੰਸ ਸਟੂਬੇ, ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ, ਮਨਜੋਤ ਸਿੰਘ, ਉੱਘੇ ਕਾਰੋਬਾਰੀ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ, ਸ ਸੁਰਜੀਤ ਸਿੰਘ ਬਰੱਸਲਜ਼, ਕੁਲਵੰਤ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ ਪਟਵਾਰੀ, ਸੁਰਜੀਤ ਸਿੰਘ ਖਹਿਰਾ, ਸੁਪਿੰਦਰ ਸਿੰਘ ਸੰਘਾਂ,ਬਲਜਿੰਦਰ ਸਿੰਘ ਰਿੰਪਾ, ਅਜਾਇਬ ਸਿੰਘ ਅਲੀਸ਼ੇਰ, ਪਲਵਿੰਦਰ ਸਿੰਘ ਔਜਲਾ, ਗੁਰਪ੍ਰੀਤ ਸਿੰਘ ਰਟੌਲ, ਰਾਜ ਕੁਮਾਰ, ਹਰਮੇਲ ਸਿੰਘ ਕਨੋਕੇ, ਧਰਮਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸੰਧੂ, ਡੇਜੀ ਵੜੈਚ ਅਤੇ ਪ੍ਰਮਿੰਦਰ ਸਿੰਘ ਜੋਧਪੁਰੀ ਸਮੇਤ ਕੁੱਝ ਬੀਬੀਆਂ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬੈਲਜੀਅਮ ਦੇ ਵੱਡੇ ਅਖ਼ਬਾਰਾਂ ਵੱਲੋਂ ਕੀਤੀ ਕਵਰੇਜ ਵਿੱਚ ਅਰਦਾਸ ਸਮੇਂ ਸਿੱਖਾਂ ਦੇ ਨੰਗੇ ਪੈਰੀਂ ਖੜ੍ਹ ਕੇ ਦਿੱਤੇ ਜਾਣ ਵਾਲੇ ਸਨਮਾਨ ਅਤੇ ਛਕਾਏ ਗਏ ਲੰਗਰ ਦੀ ਮਹੱਤਤਾ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤੀ ਗਈ।