ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣਾ ਔੜ ਅੱਗੇ ਧਰਨਾ 26 ਅਕਤੂਬਰ ਨੂੰ
ਬਾਬੂਸ਼ਾਹੀ ਨੈੱਟਵਰਕ
ਨਵਾਸ਼ਹਿਰ, 23 ਅਕਤੂਬਰ 2021- ਕਿਰਤੀ ਕਿਸਾਨ ਯੂਨੀਅਨ ਵਲੋਂ 26 ਅਕਤੂਬਰ ਨੂੰ ਪੁਲਿਸ ਥਾਣਾ ਔੜ ਅੱਗੇ 26 ਅਕਤੂਬਰ ਨੂੰ 11 ਵਜੇ ਧਰਨਾ ਲਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਇੱਥੇ ਦੱਸਿਆ ਕਿ ਬੀਤੇ ਕੱਲ੍ਹ ਕਮਲਦੀਪ ਸਿੰਘ ਵਾਸੀ ਪਿੰਡ ਮਹਿਤਪੁਰ ਨੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਕਿਸਾਨ ਬਲਵੀਰ ਸਿੰਘ ਵਾਸੀ ਉੜਾਪੜ ਦੀ ਬੀਜੀ ਹੋਈ ਝੋਨੇ ਦੀ ਫਸਲ ਧੱਕੇ ਨਾਲ ਕੱਟ ਲਈ ਗਈ।
ਇਸ ਸਬੰਧੀ ਥਾਣਾ ਔੜ ਦੀ ਪੁਲਿਸ ਨੂੰ ਇਤਲਾਹ ਕਰਨ ਉੱਤੇ ਪੁਲਸ ਝੋਨੇ ਦੀ ਟਰਾਲੀ ਸਮੇਤ ਟਰੈਕਟਰ ਪੁਲਸ ਫੜਕੇ ਥਾਣੇ ਲੈ ਗਈ ਪਰ ਪੁਲਿਸ ਨੇ ਟਰੈਕਟਰ ਟਰਾਲੀ ਦੋਸ਼ੀਆਂ ਵਿਰੁੱਧ ਬਿਨਾਂ ਕੋਈ ਕਾਰਵਾਈ ਕੀਤਿਆਂ ਛੱਡ ਦਿੱਤੇ।ਕਥਿਤ ਦੋਸ਼ੀਆਂ ਵਲੋਂ ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨੰਬਰਦਾਰ ਵਾਸੀ ਉੜਾਪੜ ਦੀ ਮਾਰਕੁੱਟ ਕੀਤੀ ਗਈ। ਉਸ ਦੀ ਮਾਰਕੁੱਟ ਦਲਜੀਤ ਸਿੰਘ ਐਡਵੋਕੇਟ ਦੇ ਉੜਾਪੜ ਦਫਤਰ ਅੱਗੇ ਕੀਤੀ ਗਈ ਜਿਸਦੀ ਫੁਟੇਜ ਉਸਦੇ ਦਫਤਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੈ।ਆਗੂਆਂ ਨੇ ਕਿਹਾ ਕਿ ਪੁਲਸ ਕਥਿਤ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਜਿਸਦੇ ਵਿਰੋਧ ਵਿਚ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।