ਕਾਂਗਰਸ ਦਾ ਇਤਿਹਾਸ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਅਤੇ ਦੇਸ਼ ਨੂੰ ਵੰਡਣ ਵਾਲਾ ਹੈ: ਡਾ: ਸੁਭਾਸ਼ ਸ਼ਰਮਾ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 23 ਅਕਤੂਬਰ 2021- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਹਰੀਸ਼ ਰਾਵਤ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਜਿਸ ‘ਚ ਭਾਜਪਾ ਇੱਕ ਫਿਰਕਾਪ੍ਰਸਤ ਪਾਰਟੀ ਹੈ, ਦਾ ਸਖਤ ਨੋਟਿਸ ਲੈਂਦਿਆਂ ਦੋਵੇਂ ਕਾਂਗਰਸ ਦੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਕਾਂਗਰਸ ਦੇ ਪਿਛਲੇ ਇਤਿਹਾਸ ਨੂੰ ਖੋਲ੍ਹ ਕੇ ਉਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਚੰਗੀ ਤਰ੍ਹਾਂ ਪੜ੍ਹਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਭਾਜਪਾ ਨੂੰ ਇੱਕ ਫਿਰਕਾਪ੍ਰਸਤ ਪਾਰਟੀ ਦੱਸਿਆ ਹੈ, ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨ, ਟਾਕੀ ਉਹਨਾਂ ਨੂੰ ਪੱਤਾ ਲੱਗੇ ਕਿ ਭਾਰਤ ਨੂੰ ਧਰਮ ਦੇ ਅਧਾਰ ਤੇ ਅਤੇ ਜਾਤ ਦੇ ਆਧਾਰ ‘ਤੇ ਵੰਡਣ ਵਾਲੀ ਇਹ ਕਾਂਗਰਸ ਪਾਰਟੀ ਸੀ ਨਾ ਕਿ ਭਾਜਪਾ। ਕਾਂਗਰਸ ਦੇ ਹੱਥ ਅੱਜ ਤੱਕ ਕਿੰਨੇ ਮਾਸੂਮਾਂ, ਨਿਰਦੋਸ਼ ਅਤੇ ਨਿਹੱਥੇ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ? ਉਸ ਨੂੰ ਗਿਣਨਾ ਨਾ ਸਿਰਫ ਮੁਸ਼ਕਲ ਹੈ ਬਲਕਿ ਇਹ ਅਸੰਭਵ ਵੀ ਹੈI ਤੁਸੀਂ ਕਿਸ ਮੂੰਹ ਨਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ ਹੋ? ਜੇ ਦੇਸ਼ ਵਿੱਚ ਕੋਈ ਫ਼ਿਰਕੂ ਪਾਰਟੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗੱਠਜੋੜ ਦੀ ਗੱਲ ਕਰਨ ਦੇ ਐਲਾਨ ਤੋਂ ਬਾਅਦ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਵਿੱਚ ਭੂਚਾਲ ਆਇਆ ਹੋਇਆ ਹੈ, ਜਿਸ ਦਾ ਸਬੂਤ ਰਾਵਤ ਦੀ ਆਪਣੀ ਕੁਰਸੀ ਦਾ ਡਿਗਣਾ ਹੈI ਸ਼ਰਮਾ ਨੇ ਰਾਵਤ ਅਤੇ ਰੰਧਾਵਾ ਨੂੰ ਕਿਹਾ ਕਿ ਇਤਿਹਾਸ ਚੁੱਕ ਕੇ ਪੜ ਲਵੋ ਦੇਸ਼ ਦੇ ਸਾਰੇ ਦੰਗਿਆਂ ਪਿੱਛੇ ਕਾਂਗਰਸ ਜਾਂ ਉਨ੍ਹਾਂ ਦੀਆਂ ਸਰਕਾਰਾਂ ਜਾਂ ਉਨ੍ਹਾਂ ਦੇ ਨੇਤਾਵਾਂ ਦਾ ਹੱਥ ਹੋਵੇਗਾ। ਪੰਜਾਬ ਦੇ ਲੋਕ ਕਾਂਗਰਸ ਅਤੇ ਇਸਦੇ ਨੇਤਾਵਾਂ ਦੇ ਕੰਮਾਂ ਅਤੇ ਕਰਤੂਤਾਂ ਤੋਂ ਭਲੀਭਾਂਤ ਜਾਣੂ ਹਨ। ਹਰ ਕੋਈ ਜਾਣਦਾ ਹੈ ਕਿ 1984 ਵਿੱਚ ਪੰਜਾਬ ਵਿੱਚ ਸਤਿਕਾਰਤ ਅਤੇ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਿਸਨੇ ਕਰਵਾਇਆ ਸੀ ਅਤੇ ਇਸਦੇ ਪਿੱਛੇ ਕੌਣ ਸੀ? 1984 ਵਿੱਚ ਦਿੱਲੀ ਅਤੇ ਦੇਸ਼ ਦੇ ਬਹੁਤ ਸਾਰੇ ਹੋਰਨਾ ਹਿੱਸਿਆਂ ਵਿੱਚ ਸਾਡੇ ਸਿੱਖ ਭਰਾਵਾਂ ਨੂੰ ਕਿੰਨੀ ਬੇਰਹਿਮੀ ਨਾਲ ਮਾਰਿਆ ਗਿਆ, ਯਾਨੀ ਕਿਸ ਪਾਰਟੀ ਨੇ ਨਸਲਕੁਸ਼ੀ ਕੀਤੀ ਅਤੇ ਇਸ ਦੇ ਪਿੱਛੇ ਕੌਣ ਸੀ, ਇਹ ਵੀ ਸਭ ਨੂੰ ਪਤਾ ਹੈ? ਇੰਨਾ ਹੀ ਨਹੀਂ, ਇਸ ਸਿੱਖ ਕਤਲੇਆਮ ਦੇ ਮ੍ਰਿਤਕਾਂ ਦੇ ਪਰਿਵਾਰ 35 ਸਾਲਾਂ ਤੋਂ ਨਿਆਂ ਲਈ ਅਦਾਲਤਾਂ ਦੇ ਚੱਕਰ ਕੱਟਦੇ ਰਹੇ ਅਤੇ ਉਸ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਨੇਤਾ ਕਿਉਂ ਅਤੇ ਕਿਵੇਂ ਖੁੱਲ੍ਹੇ ਘੁੰਮਦੇ ਰਹੇ, ਇਹ ਵੀ ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਹੈ। ਇਹ ਸਭ ਕੁਝ ਕਰਨ ਵਾਲੇ ਇਹ ਕਾਂਗਰਸੀ ਨੇਤਾ ਕਿਸ ਮੁੰਹ ਨਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਨ?
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੀ ਕਾਂਗਰਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕੇਰਲਾ ਵਿੱਚ ਮੁਸਲਿਮ ਲੀਗ ਨਾਲ ਕਿ ਗਠਜੋੜ ਨਹੀਂ ਕੀਤਾ? ਸ਼ਰਮਾ ਨੇ ਕਾਂਗਰਸੀ ਨੇਤਾਵਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਸਲਾਹ ਦਿੱਤੀ। ਸ਼ਰਮਾ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਦੇਸ਼ ਜਾਂ ਪੰਜਾਬ ਵਿੱਚ ਕੋਈ ਵੀ ਫ਼ਿਰਕੂ ਪਾਰਟੀ ਹੈ, ਤਾਂ ਉਹ ਕਾਂਗਰਸ ਪਾਰਟੀ ਹੈI ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਅਧਾਰ ਤੇ ਲੜਾ ਕੇ ਆਪਣਾ ਉੱਲੂ ਸਿੱਧਾ ਕੀਤਾ ਹੈ ਅਤੇ ਕਾਂਗਰਸ ਇਹੀ ਖੇਡ ਪੰਜਾਬ ਵਿੱਚ ਵੀ ਖੇਡਣਾ ਚਾਹੁੰਦੀ ਹੈ। ਪਰ ਪੰਜਾਬ ਦੇ ਲੋਕ ਕਦੇ ਵੀ ਕਾਂਗਰਸ ਦੀਆਂ ਇਨ੍ਹਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸ਼ਰਮਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਪੰਜਾਬ ਵਿੱਚ ਕਾਂਗਰਸ ਨੂੰ ਸੱਤਾ ਤੋ ਲਾਂਭੇ ਕਰਨਗੇ ਅਤੇ ਭਾਜਪਾ ਨੂੰ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪਣਗੇ।