ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੀ ਸਫਾਈ ਲਈ ਮੇਅਰ ਰਿੰਟੂ ਵੱਲੋਂ ਆਧੁਨਿਕ ਮਸ਼ੀਨਰੀ ਸਮਰਪਿਤ
ਮੁੱਖ ਮਹਿਮਾਨ ਉੱਪ ਮੁੱਖ ਮੰਤਰੀ ਸੋਨੀ ਵੱਲੋਂ ਅੰਦਰੂਨ ਸ਼ਹਿਰ ਦੀ ਸਫਾਈ ਲਈ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ
ਮਨਪ੍ਰੀਤ ਸਿੰਘ ਜੱਸੀ, ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ 23 ਅਕਤੂਬਰ, 2021: ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਸ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਦੇ ਨਿਵਾਸੀਆਂ ਨਾਲ ਅੰਦਰੂਨ ਸ਼ਹਿਰ ਦੀ ਸਫਾਈ ਨੂੰ ਨਿਯਮਬੱਧ ਬਣਾਉਣ ਲਈ ਕੀਤੇ ਗਏ ਵਾਅਦੇ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਉਤਾਰੀ ਗਈ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਇੱਕ ਵਿਸ਼ਵ ਪ੍ਰਸਿੱਧ ਸ਼ਹਿਰ ਹੈ, ਜਿਸ ਵਿੱਚ ਰੋਜ਼ਾਨਾ ਲੱਖਾਂ ਸ਼ਰਧਾਲੂ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਸਾਫ ਸਫਾਈ ਨਿਯਮਬੱਧ ਨਾ ਹੋਣ ਕਰਕੇ ਲੋਕਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਦਾ ਅਕਸ ਖਰਾਬ ਹੋ ਰਿਹਾ ਸੀ। ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਮਾਰਟ ਸਿਟੀ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਸਫਾਈ ਨੂੰ ਨਿਯਮਬੱਧ ਬਣਾਉਣ ਲਈ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਉਤਾਰੀ ਗਈ ਹੈ। ਇਨ੍ਹਾਂ ਸੜਕਾਂ ਅਤੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿੱਚੋਂ ਡੋਰ ਟੂ ਡੋਰ ਕੂੜੇ ਦੀ ਕਲੈਕਸ਼ਨ ਕੀਤੀ ਜਾਵੇਗੀ। ਜਿਸ ਵਾਸਤੇ 49 ਫੌਰ ਵਹੀਲਰ ਗੱਡੀਆਂ, 54 ਟ੍ਰਾਈਸਾਈਕਲ, 34 ਟਵਿਨ ਬਿਨ ਹੂਪਰ, 9 ਹੂਪਰ ਬਿਨ ਲਿਫਟਰ, 8 ਕੰਮਪੈਕਟਰ, 35 ਵੱਡੇ ਆਰ.ਸੀ. ਬਿਨ ਮੁਹੱਈਆਂ ਕਰਵਾਏ ਗਏ ਹਨ। ਉਕਤ ਕੰਮ ਤੋਂ ਇਲਾਵਾਂ ਹਰ ਘਰ ਵਿੱਚ ਦੋ-ਦੋ ਡਸਟਬਿਨ ਮੁਹੱਈਆਂ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਲੋਕ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਸੁੱਟ ਸਕਦੇ ਹਨ ਅਤੇ ਜਿਨ੍ਹਾਂ ਦੀ ਬਕਾਇਦਾ ਰੋਜ਼ਾਨਾ ਲਿਫਟਿੰਗ ਕੀਤੀ ਜਾਵੇਗੀ ਅਤੇ ਸ਼ਹਿਰ ਸਾਫ ਸੁਥਰਾ ਹੋਣ ਨਾਲ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਵਿੱਚ ਇਸ ਦੀ ਦਿੱਖ ਬਦਲੇਗੀ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਹੋਇਆਂ ਕਿਹਾ ਕਿ ਨਗਰ ਨਿਗਮ ਆਪਣੇ ਤੌਰ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਵਿਸ਼ਵ ਪੱਧਰੀ ਮਸ਼ੀਨਰੀ ਵੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸੜਕਾਂ ਤੇ ਉਤਾਰੀ ਗਈ ਹੈ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਬਣਾਇਆਂ ਜਾਵੇ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸ਼ਹਿਰਵਾਸੀ ਆਪਣਾ ਸਹਿਯੋਗ ਦੇਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਾ ਭਰਿਆਂ ਬਣਾ ਕੇ ਰੱਖਣ।
ਉੱਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਅੱਜ ਦੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਿਨ੍ਹਾਂ ਵੱਲੋਂ ਇਸ ਮਸ਼ੀਨਰੀ ਨੂੰ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਉਤਾਰਨ ਲਈ ਹਰੀ ਝੰਡੀ ਦੇ ਕੇ ਉਤਾਰਿਆ ਗਿਆ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਸਫਾਈ ਪ੍ਰਬੰਧਾਂ ਨੂੰ ਨਿਯਮਬੱਧ ਕਰਨ ਲਈ ਪ੍ਰਸੰਸਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉਚੇਚੇ ਤੌਰ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਵਿਸ਼ੇਸ਼ ਧਿਆਨ ਦੇਣ ਲਈ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਉਪਰਾਲਿਆਂ ਸਦਕਾ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਦਲੀ ਹੈ।
ਇਸ ਮੌਕੇ ਤੇ ਕਮਿਸ਼ਨਰ ਨਗਰ ਨਿਗਮ ਮਾਲਵਿੰਦਰ ਸਿੰਘ ਜੱਗੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਹੇਸ਼ ਖੰਨਾ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਕੌਂਸਲਰ ਜਤਿੰਦਰ ਸੋਨੀਆ, ਸੁਨੀਲ ਕੌਂਟੀ, ਪਰਮਜੀਤ ਚੋਪੜਾ, ਸਰਬਜੀਤ ਲਾਟੀ, ਦਾਰਾ, ਇਕਬਾਲ ਸ਼ੈਰੀ ਤੋਂ ਇਲਾਵਾ ਨਗਰ ਨਿਗਮ ਦੇ ਸਿਹਤ ਅਫਸਰ ਡਾ. ਯੋਗੇਸ਼, ਸਿਹਤ ਅਫਸਰ ਡਾ. ਸੌਰਵ ਚਾਵਲਾ, ਸਮੂਹ ਚੀਫ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਭਾਰੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ ਸ਼ਾਮਿਲ ਸਨ।