ਕੈਬਨਿਟ ਮੰਤਰੀ ਬਾਜਵਾ ਵੱਲੋਂ ਦਿੱਤੇ ਭਰੋਸੇ ਤੇ ਸਾਂਝਾ ਫਰੰਟ ਦੀ ਮੋਰਿੰਡਾ ਹੱਲਾ ਬੋਲ ਰੈਲੀ ਅਣਮਿੱਥੇ ਸਮੇਂ ਲਈ ਰੱਦ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ,23ਅਕਤੂ਼ਬਰ 2021: ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਦੇ ਨਾਭਾ ਰੋਡ ਸਥਿਤ ਦਫਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਅਣਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਮੁਲਾਜ਼ਮ ਸਾਂਝਾ ਫਰੰਟ ਦੇ ਕਨਵੀਨਰ ਮੁਕੇਸ਼ ਕੰਡਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਮੁਕੇਸ਼ ਕੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਸਾਂਝਾ ਫਰੰਟ ਵੱਲੋਂ 6ਵੇਂ ਪੇ-ਕਮਿਸ਼ਨ ਨੂੰ ਸੋਧ ਕਰ ਲਾਗੂ ਕਰਵਾਉਣ ਆਦਿ ਮੰਗਾਂ ਸਬੰਧੀ ਹੋਣ ਵਾਲੀ ਹੱਲਾ ਬੋਲ ਰੈਲੀ ਨੂੰ ਮੁਲਤਵੀ ਕੀਤਾ ਗਿਆ ਹੈ। ਇਸਦਾ ਕਾਰਨ ਦੱਸਦਿਆਂ ਮੁਕੇਸ਼ ਕੰਡਾ ਨੇ ਕਿਹਾ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਮਨਵਾਉਣ ਦੇ ਸਬੰਧ ਵਿੱਚ ਅਣਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਮੁਲਾਜਮ ਸਾਂਝਾ ਫਰੰਟ ਦੇ ਮੁੱਖ ਆਗੂਆਂ ਨਾਲ ਕੈਬਨਿਟ ਮੰਤਰੀ ਪੰਜਾਬ ਰਜੀਆ ਸੁਲਤਾਨਾ ਨਾਲ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਜਿਸ ਕਾਰਨ ਸ਼ਹਿਰ ਮੋਰਿੰਡਾ ਵਿਖੇ ਹੋਣ ਵਾਲੀ ਹੱਲਾ ਬੋਲ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ 2011 ਦੀ ਪੇ ਪੈਰਟੀ ਬਹਾਲ ਕਰਕੇ 2016 ਤੋਂ 126 ਫੀਸਦੀ ਡੀ.ਏ. ਨਾਲ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕਰਦੀ ਤਾਂ ਕਰਮਚਾਰੀ ਜੱਥੇਬੰਦੀਆਂ ਨਾਲ ਸਬੰਧਿਤ ਅਣਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਮੁਲਾਜਮ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਜਲਦ ਹੀ ਮੋਰਿੰਡਾ ਵਿਖੇ ਹੋਣ ਵਾਲੀ ਰੈਲੀ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਰਚਮਾਰੀ ਸ਼ਮੂਲੀਅਤ ਕਰ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕਰਨਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਾਂਗ ਚੰਨੀ ਸਰਕਾਰ ਵੀ ਮੁਲਾਜਮ ਵਰਗ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸਦਾ ਖਾਮਿਆਜਾ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ। ਇਸ ਮੋਕੇ ਬਰਾਂਚ ਪ੍ਰਧਾਨ ਗੋਪਾਲ ਚੰਦ ਸਹੋਤਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਸਿਰਸਵਾਲ, ਜਸਵੀਰ ਸਿੰਘ ਪੰਜੋਲਾ, ਨੰਦ ਲਾਲ ਠਾਕੁਰ, ਨਿਰਮਲ ਸਿੰਘ, ਧਰਮਪਾਲ ਸਿੰਘ ਲੋਟ ਆਦਿ ਅਹੁੱਦੇਦਾਰ ਹਾਜਰ ਸਨ।