ਤਬਾਹ ਨਰਮੇ ਦਾ ਮੁਆਵਜ਼ਾ: ‘ਪਿੰਡ ਬੱਝਿਆ ਨੀਂ ਮੰਗਤੇ ਪਹਿਲਾਂ ਹੀ ਆ ਗਏ’
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,23 ਅਕਤੂਬਰ2021: ਪੰਜਾਬੀ ਕਹਾਵਤ ‘ਪਿੰਡ ਬੱਝਿਆ ਨੀਂ ਮੰਗਤੇ ਪਹਿਲਾਂ ਹੀ ਆ ਗਏ’ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਪੂਰੀ ਤਰਾਂ ਫਿੱਟ ਬੈਠਦੀ ਹੈ, ਜਿਸ ਨੇ ਕਪਾਹ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦੀ ਫਸਲ ਦਾ ਮੁਆਵਜਾ ਤਾਂ ਦਿੱਤਾ ਨਹੀਂ ਪਰ ਇਸ ਵੰਡ ਵੰਡਾਰੇ ਦਾ ਸਿਆਸੀ ਲਾਭ ਲੈਣ ਲਈ ਵੱਡੇ ਵੱਡੇ ਹੋਰਡਿੰਗ ਜ਼ਰੂਰ ਲੁਆ ਦਿੱਤੇ ਹਨ। ਹਾਲਾਂਕਿ ਕਿੰਨੇ ਹੋਰਡਿੰਗ ਲਾਏ ਤੇ ਕਿਸ ਨੇ ਲੁਆਏ ਇਸ ਬਾਰੇ ਕੋਈ ਸਰਕਾਰੀ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਅਜਿਹੇ ਪ੍ਰਚਾਰ ਕਾਰਨ ਪੰਜਾਬ ਦੀ ਚੰਨੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ’ਚ ਲੱਗੇ ਅਜਿਹੇ ਹੋਰਡਿੰਗਾਂ ਨੂੰ ਹੈਰਾਨੀ ਨਾਲ ਦੇਖਿਆ ਅਤੇ ਸਰਕਾਰ ਦੀ ਇਸ ਨੀਤੀ ਨੂੰ ਕਟਹਿਰੇ ’ਚ ਖੜ੍ਹਾਇਆ ਜਾ ਰਿਹਾ ਹੈ।
ਵਿਸ਼ੇਸ਼ ਤੱਥ ਹੈ ਕਿ ਸਾਲ 2015 ’ਚ ਜਦੋਂ ਚਿੱਟੀ ਮੱਖੀ ਕਾਰਨ ਕਪਾਹ ਪੱਟੀ ’ਚ ਨਰਮਾ ਤਬਾਹ ਹੋਇਆ ਸੀ ਤਾਂ ਗਠਜੋੜ ਸਰਕਾਰ ਨੇ ਮੁਆਵਜਾ ਜਾਰੀ ਕਰਨ ਤੋਂ ਬਾਅਦ ਪ੍ਰਚਾਰ ਕੀਤਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਬਿਨਾਂ ਪੈਸਾ ਵੰਡਿਆਂ ਹੀ ਸਿਆਸੀ ਲਾਹਾ ਲੈਣ ਲਈ ਨਿੱਤਰ ਆਈ ਹੈ। ਖੇਤੀਬਾੜੀ ਵਿਭਾਗਵ ਅਨੁਸਾਰ ਬਠਿੰਡਾ ਜਿਲ੍ਹੇ ’ਚ 96 ਹਜ਼ਾਰ ਹੈਕਟੇਅਰ ਰਕਬਾ ਨਰਮੇ ਦੀ ਬਿਜਾਈ ਹੇਠ ਹੈ ਜਿਸ ਵਿੱਚੋਂ ਵੱਡੇ ਰਕਬੇ ’ਚ ਨਰਮੇ ਦੀ ਫ਼ਸਲ ਦਾ 76 ਤੋਂ ਸੌ ਫ਼ੀਸਦੀ ਤੱਕ ਨੁਕਸਾਨ ਹੋਇਆ ਹੈ ਜਦੋਂ ਕਿ ਕੁੱਝ ਰਕਬੇ ’ਚ ਫਸਲ ਥੋੜ੍ਹੀ ਘੱਟ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਕਰੀਬ 60 ਹਜ਼ਾਰ ਹੈਕਟੇਅਰ ਰਕਬੇ ’ਚੋਂ ਸੌ ਫ਼ੀਸਦੀ ਫ਼ਸਲ 76 ਤੋਂ 100 ਫ਼ੀਸਦੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਕਪਾਹ ਪੱਟੀ ਦੇ ਬਾਕੀ ਜਿਲਿ੍ਹਆਂ ਵਿੱਚ ਵੀ ਫਸਲ ਦਾ ਨੁਕਸਾਨ ਹੋਇਆ ਹੈ।
ਤਬਾਹ ਹੋਈ ਫਸਲ ਨਾਲ ਸਬੰਧਤ ਮੁਆਵਜ਼ੇ ਦਾ ਜਿਕਰਯੋਗ ਪਹਿਲੂ ਹੈ ਕਿ ਹਾਲੇ ਤੱਕ ਉਨ੍ਹਾਂ ਕਿਸਾਨਾਂ ਨੂੰ ਵੀ ਮੁਆਵਜਾ ਨਹੀਂ ਦਿੱਤਾ ਗਿਆ ਜਿੰਨ੍ਹਾਂ ਦੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਖੇਤਾਂ ’ਚ ਪੁੱਜ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਫੌਰੀ ਰਾਹਤ ਦੇਣ ਦੀ ਗੱਲ ਆਖੀ ਸੀ। ਇੰਨ੍ਹਾਂ ਕਿਸਾਨਾਂ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਟਾਰ ਸਿੰਘ ਵਾਲਾ ’ਚ 2 ਕਿਸਾਨ ਕਿਸਾਨ ਹਰਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਖਾਲਸਾ ਸ਼ਾਮਲ ਹਨ ਜਿੰਨ੍ਹਾਂ ਦੇ ਖੇਤਾਂ ’ਚ ਜਾ ਕੇ ਮੁੱਖ ਮੰਤਰੀ ਨੇ ਫਸਲਾਂ ਦਾ ਜਾਇਜ਼ਾ ਲਿਆ ਸੀ। ਇਸ ਜਾਇਜੇ ਦੌਰਾਨ ਜਦੋਂ ਮੁੱਖ ਮੰਤਰੀ ਨੇ ਨਰਮੇ ਦਾ ਟੀਡਾ ਖੋਹਲ ਕੇ ਦੇਖਿਆ ਤਾਂ ੳਸ ’ਚ ਗੁਲਾਬੀ ਸੁੰਡੀ ਵੀ ਸੀ ਤੇ ਕਾਲਾ ਵੀ ਹੋਇਆ ਪਿਆ ਸੀ। ਕਿਸਾਨਾਂ ਨੂੰ ਆਸ ਬੱਝੀ ਸੀ ਕਿ ਮੁੱਖ ਮੰਤਰੀ ਜਲਦੀ ਤੋਂ ਜਲਦੀ ਮੁਆਵਜਾ ਜਾਰੀ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ ਹੈ ।
ਮੁੱਖ ਮੰਤਰੀ ਦੀਆਂ ਇੰਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਅਤੇ ਫਸਲ ਦਾ ਜਾਇਜਾ ਲੈਣ ਦੀਆਂ ਤਸਵੀਰਾਂ ਮੀਡੀਆ ਨੂੰ ਜਾਰੀ ਕਰਕੇ ਮੁੱਖ ਮੰਤਰੀ ਦੇ ਕਿਸਾਨਾਂ ਦਾ ਹਿਤੈਸ਼ੀ ਹੋਣ ਸਬੰਧੀ ਪ੍ਰਚਾਰਿਆ ਗਿਆ ਸੀ। ਇੱਕ ਤਸਵੀਰ ’ਚ ਤਾਂ ਮੁੱਖ ਮੰਤਰੀ ਕਿਸਾਨ ਨਾਲ ਗਲੇ ਮਿਲਦੇ ਨਜ਼ਰ ਆਏ ਸਨ। ਇਸੇ ਤਰਾਂ ਹੀ ਸਰਕਾਰ ਦੇ ਪ੍ਰਚਾਰ ਖਾਤਰ ਮੁੱਖ ਮੰਤਰੀ ਦੇ ਇਸ ਪ੍ਰੋਗਰਾਮ ਦੀਆਂ ਵੀਡੀਓ ਵੀ ਵਾਇਰਲ ਕੀਤੀਆਂ ਗਈਆਂ ਸਨ। ਕਿਸਾਨ ਆਖਦੇ ਹਨ ਕਿ ਉਨ੍ਹਾਂ ਨੂੰ ਤਾਂ ਮੁੱਖ ਮੰਤਰੀ ਦੀ ਆਮਦ ਕਾਰਨ ਧਰਵਾਸ ਬੱਝਿਆ ਸੀ ਪਰ ਉਲਟਾ ਉਹ ਲੋਕਾਂ ਦੀਆਂ ਟਿੱਚਰਾਂ ਕਾਰਨ ਮਜਾਕ ਦਾ ਪਾਤਰ ਬਣ ਗਏ ਹਨ । ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਕਪਾਹ ਪੱਟੀ ’ਚ ਬਹੁਤੇ ਕਿਸਾਨਾਂ ਨੇ 50 ਤੋਂ 70 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨਾਂ ਠੇਕੇ ਤੇ ਲਈਆਂ ਸਨ ਪਰ ਗੁਲਾਬੀ ਸੁੰਡੀ ਨੇ ਨਰਮਾ ਬਰਬਾਦ ਕਰ ਦਿੱਤਾ ਹੈ ਜਿਸ ਨਾਲ ਉਹ ਆਰਥਿਕ ਤੌਰ ਤੇ ਕੱਖੋਂ ਹੌਲੇ ਹੋ ਗਏ ਹਨ।
ਮੁਆਵਜ਼ੇ ਲਈ ਸੰਘਰਸ਼ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰਾਂ ਤੋਂ ਝਾਕ ਰੱਖਣ ਦੀ ਥਾਂ ਕਿਸਾਨਾਂ ਨੂੰ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਤੇ ਟੇਕ ਰੱਖਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਾਲ 2015 ਵਿੱਚ ਵੀ ਯੂਨੀਅਨ ਨੇ ਬਠਿੰਡਾ ’ਚ ਮੋਰਚਾ ਲਾਕੇ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਅਤੇ ਮਜਦੂਰਾਂ ਦੇ ਖੁੱਸੇ ਰੁਜ਼ਗਾਰ ਦਾ ਮੁਅਵਾਜਾ ਜਾਰੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਹੁਣ ਉਹ ਮੁੱਖ ਮੰਤਰੀ ਦੇ ਦੌਰੇ ਅਤੇ ਬਿਆਨਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਮੁਆਵਜੇ ਖਾਤਰ 25 ਅਕਤੂਬਰ ਤੋਂ ਬਠਿੰਡਾ ਵਿੱਚ ਕਿਸਾਨ ਮੋਰਚਾ ਲਾ ਰਹੇ ਹਨ ਜੋਕਿ ਬਿਨਾਂ ਪ੍ਰਾਪਤੀ ਤੋਂ ਚੁੱੱਕਿਆ ਨਹੀਂ ਜਾਏਗਾ।
ਮੁੱਖ ਮੰਤਰੀ ਨੇ ਗਿਰਦਾਵਰੀ ਲਈ ਚੂੜੀ ਕਸੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਦਾ ਕੰਮ ਨੇਪਰੇ ਚਾੜ੍ਹਨ ਲਈ 29 ਅਕਤੂਬਰ ਤੱਕ ਦੀ ਡੈਡਲਾਈਨ ਦਿੱਤੀ ਹੈ। ਇਸ ਤੋਂ ਪਹਿਲਾਂ ਹੋਈ ਗਿਰਦਾਵਰੀ ਤੇ ਇਤਰਾਜ਼ ਜਤਾਉਂਦਿਆਂ ਮੁੱਖ ਮੰਤਰੀ ਨੇ ਤਾਜਾ ਨਿਰਦੇਸ਼ ਜਾਰੀ ਕੀਤੇ ਹਨ ਜਿੰਨ੍ਹਾਂ ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਚੂੜੀ ਕਸ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਕਿਸਾਨ ਅੰਦੋਲਨ ਤੋਂ ਡਰੀ ਹੋਈ ਹੈ ਜੋ ਲੀਡਰਾਂ ਦੀ ਪੱਕੀ ਪਕਾਈ ਸਿਆਸੀ ਫਸਲ ਖਰਾਬ ਕਰ ਸਕਦਾ ਹੈ।