ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ 25 ਅਕਤੂਬਰ ਨੂੰ ਖਰੜ ਵਿਖੇ ਮਹਾਂਰੈਲੀ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਖਰੜ, 23 ਅਕਤੂਬਰ, 2021: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਤੀਜੇ ਦਿਨ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਵੀ ਟੈਂਕੀ ਦੇ ਉੱਪਰ ਡਟੇ ਰਹੇ।
ਉਧਰ ਖਰੜ ਵਿਖੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ 25 ਅਕਤੂਬਰ ਨੂੰ ਖਰੜ ਵਿਖੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮਹਾਂ-ਰੈਲੀ ਕੀਤੀ ਜਾਵੇਗੀ ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਨਿਰਮਲ ਜ਼ੀਰਾ, ਸਲਿੰਦਰ ਕੰਬੋਜ, ਕੁਲਦੀਪ ਖੋਖਰ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਬਲਵਿੰਦਰ ਨਾਭਾ ਤੇ ਅਮਿਤ ਕੰਬੋਜ ਨੇ ਕਿਹਾ ਕਿ ਬੀਤੇ ਦਿਨ ਮੁਹਾਲੀ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਇਆ ਗਿਆ ਸੀ, ਪਰ ਜਦੋਂ ਬੇਰੁਜ਼ਗਾਰ ਅਧਿਆਪਕ ਚੰਡੀਗਡ਼੍ਹ ਵਿਖੇ ਪਹੁੰਚੇ ਤਾਂ ਸਾਰਾ ਦਿਨ ਬੇਰੁਜ਼ਗਾਰ ਅਧਿਆਪਕਾਂ ਨੂੰ ਝੂਠੇ ਲਾਰੇ ਵਿੱਚ ਰੱਖਿਆ ਗਿਆ ਕਿ ਤੁਹਾਡੀ ਮੀਟਿੰਗ ਕਰਵਾਈ ਜਾਵੇਗੀ, ਪਰ ਦੇਰ ਸ਼ਾਮ ਤੱਕ ਖੱਜਲ ਖੁਆਰ ਹੋਣ ਤੋਂ ਬਾਅਦ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ 25 ਅਕਤੂਬਰ ਨੂੰ ਖਰਡ਼ ਵਿਖੇ ਮਹਾਰੈਲੀ ਕੀਤੀ ਜਾਵੇਗੀ। ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਚ ਬੇਰੁਜ਼ਗਾਰ ਅਧਿਆਪਕ ਖਰੜ ਵਿਖੇ ਪਹੁੰਚਣਗੇ, ਜਿਸ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। ਇਸ ਸਮੇਂ ਸੂਬਾ ਸਟੇਟ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ।