ਮੰਡੀਆਂ ਦੀਆਂ ਬਦ-ਇੰਤਜਾਮੀਆਂ ਦੂਰ ਕਰਨ ਲਈ ਕਿਸਾਨ ਜਥੇਬੰਦੀਆਂ ਸਰਗਰਮ
ਲਖੀਮਪੁਰ ਦੇ ਸ਼ਹੀਦਾਂ ਦੀ ਅਸਥੀ ਕਲਸ਼ ਯਾਤਰਾ ਦਾ ਪੰਜਾਬ ਪਹੁੰਚੀ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 23 ਅਕਤੂਬਰ, 2021: ਬੱਤੀ ਕਿਸਾਨ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਲਾਏ ਧਰਨੇ ਅੱਜ 388ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।
ਅੱਜ ਹਰਮਿੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਅਤੇ ਸਿੱਖ ਧਰਮ ਦੀ ਅਜ਼ੀਮ ਸ਼ਖਸੀਅਤ ਬਾਬਾ ਬੁੱਢਾ ਜੀ ਦਾ ਜਨਮ ਦਿਨ ਸੀ। ਬੁਲਾਰਿਆਂ ਨੇ ਬਾਬਾ ਜੀ ਦੀ ਜ਼ਿੰਦਗੀ ਅਤੇ ਸਿੱੱਖਿਆਵਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਸਤਿਕਾਰ ਸਹਿਤ ਸਿਜਦਾ ਕੀਤਾ। ਆਗੂਆਂ ਨੇ ਕਿਹਾ ਕਿ ਸਾਨੂੰ ਬਾਬਾ ਜੀ ਦੀਆਂ ਸਿਖਿਆਵਾਂ ਧਾਰਨ ਕਰਨੀਆਂ ਚਾਹੀਦੀਆਂ ਹਨ।
ਅੱਜ ਕਿਸਾਨ ਮੋਰਚੇ ਦੇ ਵਫਦ ਝੋਨਾ-ਮੰਡੀਆਂ ਦੀਆਂ ਬਦ-ਇੰਤਜਾਮੀਆਂ ਦੂਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਅਧਿਕਾਰੀਆਂ ਨੂੰ ਮਿਲੇ ਅਤੇ ਖਰੀਦ, ਚੁਕਾਈ ਅਤੇ ਭੁਗਤਾਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਨਮੀ ਦੀ ਮਾਤਰਾ ਵਧਾਉਣ ਦੀ ਮੰਗ ਕੀਤੀ।
ਅੱਜ ਪੰਜਾਬ 'ਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਅਸਥੀ ਕਲਸ਼ ਯਾਤਰਾ ਸ਼ੁਰੂ ਹੋਈ, ਭਲਕੇ ਵੀ ਸ਼ਹੀਦਾਂ ਦੀਆਂ ਅਸਥੀਆਂ ਦੀ ਯਾਤਰਾ ਜਾਰੀ ਰਹੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਮੌਕੇ ਭਰਵੀਂ ਹਾਜਰੀ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ।
ਬੁਲਾਰਿਆਂ ਨੇ ਅੱਜ ਗੁਲਾਬੀ ਸੁੰਡੀ ਪੀੜ੍ਹਤ ਨਰਮਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਬੇਰੋਕ ਚੱਲ ਰਹੇ ਸਿਲਸਿਲੇ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ।ਕੱਲ੍ਹ ਮਾਨਸੇ ਜਿਲ੍ਹੇ ਦੇ ਮੂਸਾ ਪਿੰਡ ਦੇ ਗੁਰਪ੍ਰੀਤ ਨੇ ਆਪਣੀ ਜਿੰਦਗੀ ਦੀ ਡੋਰ ਖੁਦ ਹੀ ਕੱਟ ਦਿੱਤੀ।ਅਸੀਂ ਇੱਕ ਵਾਰ ਫਿਰ ਕਿਸਾਨਾਂ ਨੂੰ ਹੌਂਸਲਾ ਨਾ ਹਾਰਨ ਅਤੇ ਸਰਕਾਰ ਨੂੰ ਇਸ ਸੰਕਟ ਸਮੇਂ ਪੀੜਤ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਪੁਰਜ਼ੋਰ ਮੰਗ ਕਰਦੇ ਹਾਂ।
ਨਿੱਤ ਦਿਨ ਬੇ-ਲਗਾਮ ਵੱਧਦੀਆ ਤੇਲ ਕੀਮਤਾਂ ਤੋਂ ਦੁਖੀ ਲੋਕਾਂ ਵੱਲੋਂ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਚੱਲ ਰਹੇ ਪੱਕੇ ਮੋਰਚੇ ਤੇ ਅੱਜ ਗੱਡੀਆਂ ਤੇ ਮੋਟਰਸਾਈਕਲਾਂ ਨੂੰ ਧੱਕਾ ਲਗਾਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਹੁਣ ਸਾਡੇ ਵਿੱਚ ਤੇਲ ਖ਼ਰੀਦਣ ਦੀ ਸ਼ਕਤੀ ਨਹੀਂ ਰਹੀ। ਇਸ ਕਰਕੇ ਅਸੀਂ ਆਪਣੇ ਵਹੀਕਲਾਂ ਨੂੰ ਧੱਕਾ ਲੱਗਾਕੇ ਕੰਮ ਚਲਾਵਾਂ ਗੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਿੱਜੀ ਕੰਪਨੀਆਂ ਦੇ ਨਫ਼ੇ ਲਈ ਹਰ ਰੋਜ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਡਿਗ ਰਹੀਆਂ ਪਰ ਸਾਡੇ ਦੇਸ਼ ਵਿੱਚ ਵੱਧ ਰਹੀਆਂ ਹਨ। ਉਹਨਾ ਮੰਗ ਕੀਤੀ ਕਿ ਸਰਕਾਰ ਤੇਲ ਕੰਪਨੀਆਂ ਦਾ ਕੰਟਰੋਲ ਆਪਣੇ ਹੱਥ ਵਿੱਚ ਲਵੇ ਤੇ ਨਿੱਜੀ ਕੰਪਨੀਆਂ ਦੀ ਲੁੱਟ ਤੋਂ ਬਚਾਵੇ।