ਸਿੱਖੀ ਬਾਣੇ ਵਿੱਚ ਮੁੰਡੇ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ ਕਾਰਵਾਈ ਲਈ ਐੱਸਐੱਸਪੀ ਨੂੰ ਦਿੱਤਾ ਮੰਗਪੱਤਰ
ਦੀਪਕ ਜੈਨ, ਬਾਬੂਸ਼ਾਹੀ ਨੈੱਟਵਰਕ
ਜਗਰਾਓ , 23 ਅਕਤੂਬਰ 2021- ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਵਿੱਚ ਮੁੰਡਾ ਤੇ ਕੁੜੀ ਨੇ ਕਕਾਰ ਪਾਏ ਹੋਏ ਹਨ ਤੇ ਇਤਰਾਜ਼ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਸੋਹਨ ਸਿੰਘ ਬੰਗਸੀਪੁਰਾ ਸਰਕਲ ਤੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਜ਼ਿਲਾ ਲੁਧਿਆਣਾ , ਬਰਨਾਲਾ ਸਰਕਲ ਨੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਰਾਜਬਚਨ ਸਿੰਘ ਸੰਧੂ ਨੂੰ ਲਿਖਤ ਸ਼ਿਕਾਇਤ ਦਰਜ ਕਰਵਾਉਂਦੇ ਦੱਸਿਆ ਕਿ ਵਾਇਰਲ ਵੀਡੀਓ ਵਿਚ ਇਕ ਪੂਰਨ ਗੁਰਸਿੱਖ ਸਰੂਪ ਮੁੰਡਾ - ਕੁੜੀ ਪੂਰੀ ਤਰ੍ਹਾਂ ਨਗਨ ਹਾਲਤ ਵਿੱਚ ਅਸ਼ਲੀਲਤਾ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਧਾਰਮਿਕ ਕਕਾਰਾਂ ਦੀ ਘੋਰ ਬੇਅਦਬੀ ਕਰ ਰਹੇ ਹਨ।
ਉਨਾਂ ਦਸਿਆ ਕਿ ਇਸ ਵੀਡੀਓ ਤੇ ਫੋਟੋ ਰਾਹੀਂ ਉਹ ਸਮਾਜ ਵਿੱਚ ਜਾਣ ਬੁੱਝ ਕੇ ਅਸ਼ਲੀਲਤਾ ਫੈਲਾ ਰਹੇ ਹਨ ਅਤੇ ਇਹ ਵਾਇਰਲ ਵੀਡੀਓ ਅਤੇ ਫੋਟੋਆਂ ਹਰ ਵਰਗ ਤੇ ਬੁਰਾ ਅਸਰ ਪਾ ਰਹੀਆਂ ਹਨ। ਜਿਸ ਕਾਰਨ ਉਕਤ ਦੋਨਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਤਿਕਾਰ ਕਮੇਟੀ ਨੇ ਦੱਸਿਆ ਕਿ ਇਹ ਵੀਡੀਓਜ਼, ਫੋਟੋਜ਼ ਸੀ.ਡੀ. ਡਿਸਕ ਵਿੱਚ ਪਾ ਕੇ ਮਾਣਯੋਗ ਐੱਸ. ਐੱਸ. ਪੀ. ਸਾਹਿਬ ਨੂੰ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਪਡ਼ਤਾਲ ਕੀਤੀ ਜਾਵੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਉਪਰ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮੁਕੱਦਮਾ ਦਰਜ ਕੀਤਾ ਜਾਵੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਨੇ ਦੱਸਿਆ ਕਿ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਇਨ੍ਹਾਂ ਦਾ ਪਤਾ ਲਗਾ ਕੇ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।