ਮੁੱਖ ਮੰਤਰੀ ਚੰਨੀ ਵਲੋਂ ਬਾਬਾ ਗਾਜੀ ਦਾਸ ਕਲੱਬ ਨੂੰ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਚ ਖੇਡ ਸਟੇਡੀਅਮ ਬਣਾਉਣ ਲਈ 1 ਕਰੋਡ਼ ਦਾ ਚੈੱਕ ਦਿੱਤਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 27 ਅਕਤੂਬਰ ਨੂੰ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ, ਦਵਿੰਦਰ ਬਾਜਵਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 23 ਅਕਤੂਬਰ – ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਪਿੰਡ ਰੋਡਮਾਜਰਾ ਵਿਖੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਏ ਜਾਣ ਵਾਲੇ ਨਵੇਂ ਖੇਡ ਸਟੇਡੀਅਮ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਲੱਬ ਨੂੰ 1 ਕਰੋਡ਼ ਰੁਪਏ ਦਾ ਚੈੱਕ ਸੌਂਪਿਆ ਹੈ। ਕਲੱਬ ਦੇ ਪ੍ਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੈੱਕ ਦਿੰਦੇ ਹੋਏ ਕਲੱਬ ਵਲੋਂ ਕਿਸਾਨੀ ਅੰਦੋਲਨ ਵਿਚ ਪਾਏ ਜਾ ਰਹੇ ਯੋਗਦਾਨ ਵੀ ਸ਼ਲਾਘਾ ਕੀਤੀ। ਮੁੱਖ ਮੰਤਰੀ ਚੰਨੀ 27 ਅਕਤੂਬਰ ਨੂੰ ਰੋਡਮਾਜਰਾ ਵਿਖੇ ਸ਼ਾਮ 3 ਵਜੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਬਾ ਗਾਜੀ ਦਾਸ ਕਲੱਬ ਨੂੰ ਖੇਡ ਸਟੇਡੀਅਮ ਬਣਾਉਣ ਲਈ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਏਗੀ। ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰ ਤੇ ਧਰਨਾ ਦੇ ਰਹੀਆਂ ਕਿਸਾਨ ਜੱਥੇਬੰਦੀਆਂ ਨੂੰ ਕਲੱਬ ਵਲੋਂ ਲੰਗਰ, ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਲਗਤਾਰ ਦਿੱਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਸਾਡੇ ਕਿਸਾਨ ਭਰਾ ਆਪਣੀਆਂ ਜਾਨਾਂ ਵੀ ਵਾਰ ਗਏ ਹਨ ਅਤੇ ਕਲੱਬ ਵਲੋਂ ਬੀਤੇ ਕੁੱਝ ਮਹੀਨੇ ਪਹਿਲਾਂ ਰੋਡਮਾਜਰਾ ਚੱਕਲਾਂ ਵਿਖੇ ਕਰਵਾਏ ਖੇਡ ਮੇਲੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਸਿੱਕੇ ਦੇਕੇ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਸਰਹੱਦਾਂ ਤੇ ਰਾਖੀ ਕਰਦੇ ਹੋਏ ਸ਼ਹੀਦ ਹੋਏ ਰੂਪਨਗਰ ਜਿਲ੍ਹੇ ਦੇ ਕਰੀਬ 9 ਜਵਾਨਾਂ ਦੇ ਪਰਿਵਾਰਾਂ ਨੂੰ ਵੀ ਸੋਨੇ ਦੇ ਸਿੱਕੇ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਲੱਬ ਦਾ ਮੁੱਖ ਮਨੋਰਥ ਕਬੱਡੀ ਅਤੇ ਹੋਰ ਖੇਡਾਂ ਲਈ ਨੌਜਵਾਨ ਲਡ਼ਕੇ ਲਡ਼ਕੀਆਂ ਨੂੰ ਉਤਸਾਹਿਤ ਕਰਨਾ ਹੈ। ਨੂਰਪੁਰ ਬੇਦੀ ਵਿਖੇ ਕੁਸ਼ਤੀ ਲਈ ਲਡ਼ਕੀਆਂ ਨੂੰ ਕਲੱਬ ਵਲੋਂ 4 ਲੱਖ ਰੁਪਏ ਦੇ ਗੱਦੇ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਸਾਲ 15 ਲੋਡ਼ਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵੀ ਕੀਤੇ ਗਏ ਹਨ। ਇਸੇ ਤਰਾਂ ਕਲੱਬ ਵਲੋਂ ਖੂਨਦਾਨ ਕੈਂਪ ਲਗਾਕੇ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਰੋਡਮਾਜਰਾ ਦੇ ਸਰਪੰਚ ਬਿੱਟੂ ਬਾਜਵਾ, ਚੱਕਲਾਂ ਦੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਮੋਹਰ ਸਿੰਘ ਖਾਬੜਾ ਨੰਬਰਦਾਰ ਉਮਰਾਓ ਸਿੰਘ, ਮੇਜਰ ਸਿੰਘ ਮਾਹਲ ਆਦਿ ਮੌਜੂਦ ਸਨ।